ਲੁਧਿਆਣਾ: ਦੇਸ਼ ਵਿਆਪੀ ਹੜਤਾਲ 'ਚ ਬੈਂਕ ਮੁਲਾਜ਼ਮ ਵੀ ਸ਼ਾਮਲ ਹੋਏ। ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਵੱਲੋਂ ਲੁਧਿਆਣਾ 'ਚ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਮੋਦੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਨਵੀਆਂ ਚਾਲਾਂ ਚੱਲਦੀ ਰਹਿੰਦੀ ਹੈ ਅਤੇ ਹੁਣ ਨਾਗਰਿਕਤਾ ਸੋਧ ਐਕਟ ਵੀ ਇਸ ਦੇ ਤਹਿਤ ਲਾਗੂ ਕੀਤਾ ਗਿਆ। ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਲੁਧਿਆਣਾ 'ਚ ਵੇਖਿਆ ਗਿਆ ਬੰਦ ਦਾ ਅਸਰ, ਬੈਂਕ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ
ਕੇਂਦਰੀ ਟਰੇਡ ਯੂਨੀਅਨ ਵੱਲੋਂ ਸੱਦੀ ਹੜਤਾਲ ਨੂੰ ਬੈਂਕ ਮੁਲਾਜ਼ਮਾਂ ਦਾ ਵੀ ਸਾਥ ਮਿਲਿਆ। ਲੁਧਿਆਣਾ 'ਚ ਭਾਰਤ ਨਗਰ ਚੌਕ ਸਥਿਤ ਕੇਨਰਾ ਬੈਂਕ ਦੇ ਸਾਹਮਣੇ ਵੱਡੀ ਗਿਣਤੀ 'ਚ ਬੈਂਕ ਮੁਲਾਜ਼ਮ ਇਕੱਤਰ ਹੋਏ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ
ਫ਼ੋਟੋ
ਇਹ ਹਨ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ
ਪੀਬੀਆਈਐੱਫ ਲੁਧਿਆਣਾ ਦੇ ਸਕੱਤਰ ਨਰੇਸ਼ ਗੌੜ ਨੇ ਦੱਸਿਆ ਕਿ ਬੈਂਕਿੰਗ ਦੇ ਖੇਤਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਦੇ ਵਿੱਚੋਂ 21000 ਘੱਟੋ-ਘੱਟ ਮਜ਼ਦੂਰੀ ਤੈਅ ਕੀਤੀ ਜਾਵੇ, ਸਾਰਿਆਂ ਲਈ ਪੈਨਸ਼ਨ ਅਤੇ ਬੋਨਸ ਦੀ ਵਿਵਸਥਾ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕੀਤਾ ਜਾਵੇ, ਬੈਂਕਾਂ ਦਾ ਨਿੱਜੀਕਰਨ ਜਾਂ ਉਨ੍ਹਾਂ ਨੂੰ ਮਰਜ ਨਾ ਕੀਤਾ ਜਾਵੇ, ਬੈਂਕ 'ਚ ਜਮ੍ਹਾ ਕਰਕੇ ਪੈਸਿਆਂ ਦੀ ਵਿਆਜ ਦਰ ਵਧਾਈ ਜਾਵੇ।