ਚੰਡੀਗੜ੍ਹ : ਅੱਜ ਦੇ ਦੌਰ ਵਿਚ ਲੁੱਟਾਂ-ਖੋਹਾਂ ਜਾਂ ਚੋਰੀ ਦੇ ਡਰੋਂ ਲੋਕ ਆਪਣੀ ਪੂੰਜੀ, ਚਾਹੇ ਉਹ ਨਕਦੀ ਹੋਵੇ ਜਾਂ ਗਹਿਣਿਆਂ ਦੇ ਰੂਪ ਵਿਚ, ਘਰਾਂ ਵਿਚ ਰੱਖਣ ਦੀ ਬਜਾਏ ਬੈਂਕਾਂ ਵਿਚ ਰੱਖਣ ਨੂੰ ਤਰਜ਼ੀਹ ਦਿੰਦੇ ਹਨ। ਪਰ, ਜੇਕਰ ਬੈਂਕਾਂ ਵਿਚ ਵੀ ਤੁਹਾਡੀ ਪੂੰਜੀ ਸੁਰੱਖਿਅਤ ਨਹੀਂ ਤਾਂ ਕੀ ਕਿਹਾ ਜਾ ਸਕਦਾ ਹੈ। ਇਹੋ ਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਜਰਾਤ ਦੀ ਬੈਂਕ ਆਫ ਇੰਡੀਆ ਦੀ ਵਾਪੀ ਸ਼ਾਖਾ ਤੋਂ, ਜਿਥੇ ਇਕ ਕੈਸ਼ੀਅਰ ਨੇ 20 ਲੱਖ ਦੇ ਕਰੀਬ ਗਹਿਣਿਆਂ ਨੂੰ ਨਕਲੀ ਗਹਿਣਿਆਂ ਨਾਲ ਬਦਲ ਦਿੱਤਾ। ਹਾਲਾਂਕਿ ਖਾਤਾਧਾਰਕ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਕੈਸ਼ੀਅਰ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ, ਗੁਜਰਾਤ ਦੇ ਵਲਸਾਡ ਜ਼ਿਲ੍ਹੇ 'ਚ ਕੰਮ ਕਰਦੇ ਹੋਏ ਕਥਿਤ ਤੌਰ 'ਤੇ 19.56 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਨੂੰ ਨਕਲੀ ਗਹਿਣਿਆਂ ਨਾਲ ਬਦਲਣ ਵਾਲੇ ਬੈਂਕ ਆਫ ਇੰਡੀਆ ਦੇ ਕੈਸ਼ੀਅਰ ਨੂੰ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਵਿਪੁਲ ਮਨਚੰਦਾ ਵਜੋਂ ਹੋਈ ਹੈ। ਵਿਪੁਲ ਮਨਚੰਦਾ ਨੂੰ ਪੀੜਤ ਨੈਨਾ ਲਾਡ ਵੱਲੋਂ ਦਰਜ ਕਰਵਾਈ ਗਈ ਧੋਖਾਧੜੀ ਦੀ ਸ਼ਿਕਾਇਤ 'ਤੇ ਬੈਂਕ ਦੀ ਲੁਧਿਆਣਾ ਸ਼ਾਖਾ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਖੰਘਾਲੇ ਸੀਸੀਟੀਵੀ ਕੈਮਰੇ :ਜਾਣਕਾਰੀ ਅਨੁਸਾਰ ਗੁਜਰਾਤ ਦੇ ਵਾਪੀ ਕਸਬੇ ਦੇ ਚਾਲਾ ਇਲਾਕੇ ਵਿਚ ਰਹਿਣ ਵਾਲੀ ਨੈਨਾ ਲਾਡ ਨੇ ਆਪਣੇ ਗਹਿਣਿਆਂ ਉਤੇ ਕਰਜ਼ਾ ਲਿਆ ਸੀ, ਜਿਨ੍ਹਾਂ ਦੀ ਕੀਮਤ ਕਰੀਬ 20 ਲੱਖ ਸੀ। ਨੈਨਾ ਲਾਡ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਬੈਂਕ ਵਿਚ ਜਾ ਕੇ ਲੋਕਰ ਦੇਖਣ ਲੱਗੀ ਤਾਂ ਪੈਕੇਟ ਵਿਚ ਪਏ ਗਹਿਣੇ ਨਕਲੀ ਨਿਕਲੇ। ਇਸ ਸਬੰਧੀ ਉਕਤ ਔਰਤ ਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤੁੰਰਤ ਕਾਰਵਾਈ ਕਰਦਿਆਂ ਬੈਂਕ ਮੈਨੇਜਰ ਨਾਲ ਗੱਲਬਾਤ ਕਰ ਕੇ ਜਾਂਚ ਸ਼ੁਰੂ ਕੀਤੀ।