ਲੁਧਿਆਣਾ: ਦੋਰਾਹਾ ਦੇ ਨੇੜੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਅਤੇ ਪਿੰਡ ਦੇ ਐਨਆਰਆਈ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਵਿੱਚ ਚੰਗੀ ਸਹਿਤ ਸਹੂਲਤਾਵਾਂ ਦੇਣ ਲਈ ਬਾਲਾ ਪ੍ਰੀਤਮ ਸਿਹਤ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਰਾਜਗੜ੍ਹ ਦੇ ਸਰਪੰਚ ਹਰਤੇਜ ਸਿੰਘ ਨੇ ਹਸਪਤਾਲ ਦੀਆਂ ਸਿਹਤ ਸਹੂਲਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਹਰਤੇਜ ਸਿੰਘ ਨੇ ਦੱਸਿਆ ਕਿ ਇਸ ਸੇਵਾ ਕੇਂਦਰ 'ਚ ਪਰਚੀ ਫੀਸ 20 ਰੁਪਏ ਹੈ ਜੇਕਰ ਕੋਈ ਵਿਅਕਤੀ ਪਰਚੀ ਨਹੀਂ ਲੈ ਸਕਦਾ ਤਾਂ ਉਸ ਨੂੰ ਬਿਨ੍ਹਾਂ ਪਰਚੀ ਤੋਂ ਵੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਹਿਜ਼ 20 ਰੁਪਏ 'ਚ ਪਰਚੀ ਦੇ ਨਾਲ ਇੱਕ ਹਫ਼ਤੇ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਅਤੇ ਟੈਸਟ ਵੀ ਕੀਤੇ ਜਾਂਦੇ ਹਨ। ਹਰਤੇਜ ਸਿੰਘ ਨੇ ਦੱਸਿਆ ਕਿ ਸੂਬੇ 'ਚ ਸਿਹਤ ਸਹੂਲਤਾਵਾਂ ਨੂੰ ਵੇਖਦਿਆਂ ਲੋਕਾਂ ਦੀ ਮਦਦ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ।