ਲੁਧਿਆਣਾ: ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਜਲਦ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਇਸ ਮਾਮਲੇ ਨੂੰ ਲੈ ਕੇ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਨੇ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਬੈਂਸ ਭਰਾ ਜਲਦ ਹੀ ਕੋਰ ਕਮੇਟੀ ਦੀ ਬੈਠਕ ਕਰ ਕੇ ਇਸ ਸਬੰਧੀ ਫੈਸਲਾ ਲੈ ਸਕਦੇ ਹਨ, ਪਰ ਦੂਜੇ ਪਾਸੇ ਜਦੋਂ ਈਟੀਵੀ ਭਾਰਤ ਦੇ ਪੱਤਰਕਾਰਾਂ ਵੱਲੋਂ ਇਸ ਮਾਮਲੇ ਸਬੰਧੀ ਫੋਨ ਉਤੇ ਬਲਵਿੰਦਰ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਕਿਹਾ ਹੈ ਕਿ ਫਿਲਹਾਲ ਇਸ ਤਰ੍ਹਾਂ ਦੀ ਮੇਰੀ ਕਿਸੇ ਨਾਲ ਵੀ ਕੋਈ ਗੱਲ ਨਹੀਂ ਹੋਈ। ਉਥੇ ਹੀ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਵੀ ਇਸ ਗੱਲ ਤੋਂ ਅਣਜਾਣਤਾ ਪ੍ਰਗਟਾਈ ਹੈ। ਉਨ੍ਹਾਂ ਸਾਫ਼ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।
ਬੈਂਸ ਉਤੇ ਜਬਰ ਜਨਾਹ ਦੇ ਇਲਜ਼ਾਮ :ਦਰਅਸਲ ਸਿਮਰਜੀਤ ਬੈਂਸ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਯੂਥ ਪ੍ਰਧਾਨ ਸੰਨੀ ਕੈਂਥ ਵੱਲੋਂ ਭਾਜਪਾ ਦਾ ਹੱਥ ਫੜਿਆ ਗਿਆ ਸੀ ਅਤੇ ਉਸ ਵੇਲੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸਿਮਰਜੀਤ ਬੈਂਸ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਹਨ। ਜ਼ਮਾਨਤ ਉਤੇ ਬਾਹਰ ਆਉਣ ਤੋਂ ਬਾਅਦ ਆਪਣੇ ਇੰਟਰਵਿਊ ਦੌਰਾਨ ਸਿਮਰਜੀਤ ਬੈਂਸ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਲਈ ਹਮੇਸ਼ਾ ਹੀ ਪਾਰਟੀਆਂ ਵੱਲੋਂ ਖੁੱਲ੍ਹੇ ਸੱਦੇ ਰਹਿੰਦੇ ਹਨ, ਪਰ ਫਿਲਹਾਲ ਉਹ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਜਾਂ ਨਹੀਂ ਇਸ ਸਬੰਧੀ ਉਨ੍ਹਾਂ ਦੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ।
2 ਵਾਰ ਆਤਮ ਨਗਰ ਤੋਂ ਰਹੇ ਵਿਧਾਇਕ : ਕਾਬਿਲੇਗੌਰ ਹੈ ਕਿ ਸਿਮਰਜੀਤ ਬੈਂਸ ਉਤੇ ਜਬਰ ਜਨਾਹ ਦੇ ਇਲਜ਼ਾਮ ਲੱਗੇ ਸਨ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸੀ, ਪਰ ਕੁਝ ਸਮੇਂ ਪਹਿਲਾਂ ਹੀ ਹਾਈਕੋਰਟ ਵੱਲੋਂ ਸਿਮਰਜੀਤ ਬੈਂਸ ਨੂੰ ਇਸ ਮਾਮਲੇ ਵਿੱਚ ਰਾਹਤ ਦੇ ਕੇ ਜ਼ਮਾਨਤ ਦਿੱਤੀ ਗਈ ਸੀ, ਪਰ ਇਹ ਮਾਮਲਾ ਹਾਲੇ ਵੀ ਚੱਲ ਰਿਹਾ ਹੈ ਅਤੇ ਸਿਮਰਜੀਤ ਬੈਂਸ ਨੇ ਇਸ ਮਾਮਲੇ ਵਿਚ ਕਲੀਨ ਚਿੱਟ ਨਹੀਂ ਮਿਲ ਸਕੀ ਹੈ। ਅਜਿਹੇ ਵਿੱਚ ਭਾਜਪਾ ਜਬਰ ਜਨਾਹ ਦੇ ਇਲਜ਼ਾਮਾਂ ਵਿੱਚ ਘਿਰੇ ਕਿਸੇ ਲੀਡਰ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਸਕਦੀ ਹੈ ਜਾਂ ਨਹੀਂ ਇਹ ਵੀ ਇਕ ਵੱਡਾ ਸਵਾਲ ਹੈ। ਸਿਮਰਜੀਤ ਬੈਂਸ ਆਤਮ ਨਗਰ ਵਿਧਾਨਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ 2023 ਵਿਧਾਨ ਸਭਾ ਚੋਣਾਂ ਵਿਚ ਸਿਮਰਜੀਤ ਬੈਂਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ, ਨਾ ਸਿਰਫ ਸਿਮਰਜੀਤ ਬੈਂਸ ਸਗੋਂ ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਨੂੰ ਵੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਮਿਲੀ ਸੀ।
ਇਹ ਵੀ ਪੜ੍ਹੋ :ਸਰਕਾਰੀ ਸਹੂਲਤ ਲਈ ਜਾਰੀ ਕੀਤਾ ਨੰਬਰ ਨਿਕਲਿਆ ਲੁਧਿਆਣਾ ਦੇ ਨੌਜਵਾਨ ਦਾ, ਸੈਂਕੜੇ ਫੋਨਾਂ ਤੋਂ ਪ੍ਰੇਸ਼ਾਨ ਨੌਜਵਾਨ ਕਬੀਰ
ਪਹਿਲਾਂ ਵੀ ਕਰ ਚੁੱਕੇ ਗਠਜੋੜ : ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਪਹਿਲਾਂ ਵੀ ਕਈ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰ ਚੁੱਕੀ ਹੈ। ਪੰਜਾਬ ਦੀ ਪੀਪਲਜ਼ ਪਾਰਟੀ ਔਫ ਪੰਜਾਬ, 2017 ਵਿਧਾਨਸਭਾ ਚੋਣਾਂ ਦੇ ਦੌਰਾਨ ਵੀ ਫਰੰਟ ਬਣਾ ਕੇ ਸਿਮਰਜੀਤ ਬੈਂਸ ਵੱਲੋਂ ਸੁਖਪਾਲ ਖਹਿਰਾ ਦੇ ਨਾਲ ਹੱਥ ਮਿਲਾਇਆ ਗਿਆ ਸੀ। ਇਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਪਰ 2023 ਵਿਧਾਨਸਭਾ ਚੋਣਾਂ ਵਿਚ ਸਭ ਕੁਝ ਸਾਫ਼ ਹੋ ਗਿਆ ਸੀ।