ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬਾਨਾਂ 'ਚ ਵਰਤੇ ਜਾਣ ਵਾਲੇ ਘਿਓ ਦਾ ਕਰਾਰ ਪੁਣੇ ਦੀ ਕਿਸੇ ਕੰਪਨੀ ਨਾਲ ਕੀਤੇ ਜਾਣ 'ਤੇ ਸਿਆਸਤ ਗਰਮਾਉਣ ਲੱਗੀ ਹੈ।
ਐਸਜੀਪੀਸੀ ਦੀ ਰਸਦ ਮਾਮਲੇ 'ਤੇ ਬੈਂਸ ਅਤੇ ਲੌਂਗੋਵਾਲ ਹੋਏ ਆਹਮਣੇ-ਸਾਹਮਣੇ ਇਸ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਜਦੋਂ ਕਿ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਨੇ ਇਸ ਦੀ ਸਫਾਈ ਦਿੰਦਿਆਂ ਕਿਹਾ ਕਿ ਵੇਰਕਾ ਵੱਲੋਂ ਉਨ੍ਹਾਂ ਨੂੰ ਵੱਧ ਕੀਮਤਾਂ ਲਈਆਂ ਜਾ ਰਹੀਆਂ ਸਨ ਜਿਸ ਕਰਕੇ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਵੇਰਕਾ ਕਾਰਪੋਰੇਟਿਵ ਸੁਸਾਇਟੀਆਂ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਤੋਂ ਉਹ ਕੱਚਾ ਮਾਲ ਖ਼ਰੀਦਦਾ ਹੈ ਪਰ ਐਸਜੀਪੀਸੀ ਵੱਲੋਂ ਵੇਰਕਾ ਦੀ ਥਾਂ 'ਤੇ ਕਿਸੇ ਹੋਰ ਬਾਹਰ ਦੀ ਕੰਪਨੀ ਨਾਲ ਕਰਾਰ ਕਰਨਾ ਮੰਦਭਾਗੀ ਗੱਲ ਹੈ।
ਉਧਰ ਦੂਜੇ ਪਾਸੇ ਲੁਧਿਆਣਾ ਪਹੁੰਚੇ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵੇਰਕਾ ਨੇ ਸੰਸਥਾ ਨੂੰ ਦੁੱਧ ਦੇਣ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਇਸ ਤੋਂ ਇਲਾਵਾ ਜੋ ਘਿਓ ਵੇਰਕਾ ਤੋਂ ਖ਼ਰੀਦਿਆ ਜਾ ਰਿਹਾ ਸੀ ਉਸ ਵਿੱਚ ਵੀ ਊਣਤਾਈਆਂ ਸਨ ਜਿਸ ਕਰਕੇ ਤਿੰਨ ਮਹੀਨੇ ਲਈ ਐਸਜੀਪੀਸੀ ਵੱਲੋਂ ਉਸ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ।
ਲੌਂਗੋਵਾਲ ਨੇ ਸਾਫ਼ ਕਿਹਾ ਕਿ ਇਹ ਕਰਾਰ ਕੁੱਝ ਸਮੇਂ ਲਈ ਹੈ ਬਾਕੀ ਸਾਮਾਨ ਦਾ ਕਰਾਰ ਵੇਰਕਾ ਨਾਲ ਹੀ ਚੱਲ ਰਿਹਾ ਹੈ।