ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਖੰਨਾ, ਜਿੱਥੇ ਕਿ ਸਰਕਾਰ ਫ਼ਸਲਾਂ ਦੀ ਆਮਦ ਨੂੰ ਵੇਖਦਿਆਂ ਹੋਇਆ ਮੁਕੰਮਲ ਪ੍ਰਬੰਧ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਮੂੰਹ ਬੋਲਦੀਆਂ ਤਸਵੀਰਾਂ ਕੁੱਝ ਹੋਰ ਹੀ ਹਾਲਾਤ ਪੇਸ਼ ਕਰ ਰਹੀਆਂ ਹਨ। ਕਿਸਾਨਾਂ ਨੇ ਆਪਣਾ ਦੁੱਖ ਦੱਸਿਆ ਤੇ ਕਿਹਾ ਕਿ ਪ੍ਰਬੰਧ ਮੁਕੰਮਲ ਨਹੀਂ ਹਨ। ਸਰਕਾਰ ਦੇ ਕੀਤੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਹਾ ਰਹੀ ਬਦਹਾਲੀ ਦੇ ਅੱਥਰੂ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਖੰਨਾ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਸਰਕਾਰ ਦੇ ਵੱਡੇ ਦਾਅਵੇ ਜ਼ਮੀਨੀ ਪੱਧਰ ਉੱਤੇ ਕਿਤੇ ਵੀ ਲਾਗੂ ਨਹੀਂ ਹੋਏ ਹਨ।
ਕਿਸਾਨਾਂ ਨੇ ਦੱਸਿਆ ਕਿ ਮੰਡੀ ਦੀ ਹਾਲਤ ਬੜੀ ਤਰਸਯੋਗ ਹੈ। ਇੱਥੇ ਪੀਣ ਲਈ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸੜਕਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ ਕਿਉਕਿ ਕਿਸਾਨਾਂ ਨੇ ਕਾਫ਼ੀ ਦੂਰ ਪਿੰਡਾਂ ਤੋਂ ਆਉਣਾ ਹੁੰਦਾ ਹੈ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਸਮ ਦੀ ਮਾਰ ਤੋਂ ਬਚਣ ਲਈ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਗਿਆ। ਕੁੱਝ ਕਿਸਾਨ ਆਪਣੀਆਂ ਦੁਕਾਨਾਂ ਕੋਲ ਆਪ ਪਾਣੀ ਦੇ ਨਿਕਾਸੀ ਦੀ ਸਫ਼ਾਈ ਕਰ ਰਹੇ ਸਨ ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ ।
ਕਿਸਾਨ ਨੇ ਕਿਹਾ ਕਿ ਧੀਆਂ ਪੁੱਤਰਾਂ ਵਾਂਗ ਪਾਲੀ ਫ਼ਸਲ ਨੂੰ ਜੇਕਰ ਮੰਡੀ ਵਿੱਚ ਪਹੁੰਚਣ ਤੋਂ ਬਾਅਦ ਕੋਈ ਨੁਕਸਾਨ ਹੋ ਜਾਂਦਾ ਹੈ ਇਸ 'ਤੇ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨਾਂ ਨੇ ਕਿਹਾ ਜੋ ਕਿਸਾਨਾਂ ਦੇ ਬੈਠਣ ਲਈ ਅਰਾਮਘਰ ਹੈ ਉਸ ਵਿੱਚ ਪੁਲਿਸ ਲਾਈਨ ਬਣਾਈ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿੱਚ ਫ਼ਸਲਾਂ ਦੀ ਸਾਂਭ ਸੰਭਾਲ ਅਤੇ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰੇ ਤਾਂ ਕਿ ਕਿਸਾਨ ਆਪਣੀ ਫ਼ਸਲ ਨੂੰ ਸਹੀ ਤਰੀਕੇ ਨਾਲ ਵੇਚ ਸਕੇ।