ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਪੰਜਾਬ ਵਿੱਚ ਬਾਹਰਲੀਆਂ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਹੀ ਆਸਟ੍ਰੇਲੀਆ ਤੋਂ ਆਇਆ ਵਪਾਰੀਆਂ ਦਾ ਇੱਕ ਵਫਦ ਵਿਸ਼ੇਸ਼ ਤੌਰ ਉਤੇ ਲੁਧਿਆਣਾ ਪਹੁੰਚਿਆ। ਉਨ੍ਹਾਂ ਵੱਲੋਂ ਪੰਜਾਬ ਵਿਚ ਵਪਾਰ ਲਈ ਫੈਸਲਾ ਕੀਤਾ ਗਿਆ ਹੈ ਅਤੇ ਨਾਲ ਹੀ ਲੁਧਿਆਣਾ ਤੋਂ ਸਥਾਨਕ ਐਮਐਲਏ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਮੂਲ ਰੂਪ ਤੋਂ ਆਸਟ੍ਰੇਲੀਆ ਨਾਲ ਸਬੰਧਿਤ ਬਾਇਓਟੈਕਨਾਲੋਜੀ ਕੰਪਨੀ ਵੱਲੋਂ ਕੁਝ ਪ੍ਰੋਡਕਟ ਪੰਜਾਬ ਵਿੱਚ ਲੌਂਚ ਕੀਤੇ ਗਏ ਹਨ। ਪੰਜਾਬ ਵਿੱਚ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਵਪਾਰ ਦੇ ਸੁਖਾਲੇ ਮਹੌਲ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ ਹਨ। ਇਸ ਤਿੰਨ ਮੈਂਬਰੀ ਵਫਦ ਵੱਲੋਂ ਲੁਧਿਆਣਾ ਤੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ, ਇਸ ਦੌਰਾਨ ਲੁਧਿਆਣਾ ਦੇ ਵਪਾਰੀ, ਸਾਬਕਾ ਇੰਡਸਟਰੀ ਚੇਅਰਮੈਨ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ।
ਭਾਰਤ ਵਿੱਚ ਵਪਾਰ ਲਈ ਚੰਗਾ ਮਾਹੌਲ :ਇਸ ਮੌਕੇ ਵਫਦ ਨਾਲ ਆਏ ਅਸਟ੍ਰੇਲੀਅਨ ਮੂਲ ਦੇ ਵਪਾਰੀਆਂ ਨੇ ਕਿਹਾ ਭਾਰਤ ਦੇ ਵਿੱਚ ਵਪਾਰ ਲਈ ਚੰਗਾ ਮਾਹੌਲ ਹੈ ਅਤੇ ਭਾਰਤ ਦੇ ਵਿਚ ਨੌਜਵਾਨਾਂ ਦੀ ਭਰਮਾਰ ਹੈ। ਭਾਰਤ ਵਿਸ਼ਵ ਭਰ ਵਿਚ ਤੇਜ਼ੀ ਨਾਲ ਤਰੱਕੀ ਲਈ ਜਾਣਿਆ ਜਾਂਦਾ ਹੈ। ਭਾਰਤ ਦੇ ਆਸਟ੍ਰੇਲੀਆ ਦੇ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਵੀ ਕਾਫੀ ਮਸ਼ਹੂਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀਆਂ ਦੀ ਆਓ-ਭਗਤ ਅਤੇ ਭਾਰਤ ਦੇ ਖਾਣੇ ਦੀ ਸ਼ਲਾਘਾ ਕੀਤੀ। ਵਫਦ ਦੇ ਮੈਬਰਾਂ ਨੇ ਕਿਹਾ ਕਿ ਭਾਰਤ ਹੁਣ ਸਾਨੂੰ ਆਪਣੇ ਘਰ ਵਰਗਾ ਹੀ ਲਗਦਾ ਹੈ। ਏਬੀਜੀ ਗਰੁੱਪ ਦੀ ਮਾਲਿਕ ਜੈਸਿਕਾ ਅਤੇ ਹਾਈ ਹਾਈਟਸ ਦੇ ਮਾਲਿਕ ਪ੍ਰੀਆਂਸ਼ੁ ਬੱਤਾ ਨੇ ਦੱਸਿਆ ਕਿ ਆਸਟ੍ਰੇਲੀਆ ਅਧਾਰਿਤ ਕੰਪਨੀ ਵਲੋਂ ਪੰਜਾਬ ਵਿੱਚ ਵਪਾਰ ਲਈ ਦਵਾਈਆਂ ਦੇ ਕੁੱਝ ਪ੍ਰੋਡਕਟਾਂ ਨੂੰ ਲਾਂਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਐਲਐਲਏ ਕੁਲਵੰਤ ਸਿੱਧੂ ਵੱਲੋਂ ਇਸ ਵਫਦ ਦਾ ਸਵਾਗਤ ਕੀਤਾ ਗਿਆ।