ਲੁਧਿਆਣਾ: ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਸਾਈਬਰ ਕ੍ਰਾਈਮ ਨਾਲ ਜੁੜੇ ਠੱਗਾਂ ਨੇ ਮਸ਼ਹੂਰ ਸੀਰੀਅਲ ਕੌਣ ਬਣੇਗਾ ਕਰੋੜਪਤੀ ਨੂੰ ਵੀ ਠੱਗੀ ਮਾਰਨ ਦਾ ਜ਼ਰੀਆ ਬਣਾ ਲਿਆ ਹੈ।
ਤਾਜ਼ਾ ਮਾਮਲਾ ਲੁਧਿਆਣਾ ਤੋਂ ਹੈ, ਜਿੱਥੇ ਇੱਕ ਜਸਵਿੰਦਰ ਸਿੰਘ ਨਾਂਅ ਦਾ ਵਿਅਕਤੀ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਲ-ਬਾਲ ਬਚ ਗਿਆ।
ਜਸਵਿੰਦਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਸਵੇਰੇ ਵਟਸ ਐੱਪ ਉੱਤੇ ਇੱਕ ਮੈਸੇਜ ਆਇਆ ਕਿ ਕੌਣ ਬਣੇਗਾ ਕਰੋੜਪਤੀ ਪ੍ਰਤੀਯੋਗਿਤਾ ਵਿੱਚ ਉਨ੍ਹਾਂ ਨੇ 25 ਲੱਖ ਰੁਪਏ ਜਿੱਤੇ ਹਨ ਅਤੇ 25 ਲੱਖ ਦਾ ਚੈੱਕ ਦਿੱਲੀ ਦੇ ਇੱਕ ਬੈਂਕ ਮੈਨੇਜਰ ਕੋਲ ਪਿਆ ਹੈ।
ਉਹ ਬੈਂਕ ਮੈਨੇਜਰ ਨਾਲ ਸੰਪਰਕ ਕਰ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਲੈਣ ਤਾਂ ਜੋ ਤੁਹਾਡੇ ਬੈਂਕ ਖ਼ਾਤੇ ਵਿੱਚ ਪੈਸਿਆਂ ਨੂੰ ਪਾ ਦਿੱਤਾ ਜਾਵੇ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਵਟਸਐੱਪ ਉੱਤੇ ਉਸ ਨੂੰ ਕਿਹਾ ਗਿਆ ਕਿ ਬੈਂਕ ਮੈਨੇਜਰ ਨਾਲ ਵਟਸਐੱਪ ਉੱਤੇ ਹੀ ਗੱਲਬਾਤ ਕਰਨ।
ਇਸ ਤੋਂ ਬਾਅਦ ਜਸਵਿੰਦਰ ਸਿੰਘ ਨੂੰ ਬੈਂਕ ਮੈਨੇਜਰ ਵੱਲੋਂ ਫੋਨ ਆਉਂਦਾ ਹੈ ਕਿ ਮੁਬਾਰਕਾਂ ਤੁਹਾਡਾ ਲਾਟਰੀ ਨੰਬਰ ਮਿਲ ਗਿਆ ਹੈ ਅਤੇ ਆਪਣੇ ਖ਼ਾਤੇ ਦੀ ਜਾਣਕਾਰੀ ਦਿਓ।
ਜਦੋਂ ਜਸਵਿੰਦਰ ਨੇ ਬੈਂਕ ਖ਼ਾਤੇ ਵਿੱਚ ਜ਼ੀਰੋ ਬਲੈਂਸ ਬਾਰੇ ਦੱਸਿਆ ਗਿਆ ਤਾਂ ਉਸ ਨੇ ਫੋਨ ਕੱਟ ਦਿੱਤਾ ਗਿਆ ਅਤੇ ਮੁੜਕੇ ਉਸ ਨੰਬਰ ਤੋਂ ਕੋਈ ਕਾਲ ਨਹੀਂ ਆਈ, ਨਾ ਹੀ ਫੋਨ ਕਰਨ ਤੇ ਫੋਨ ਚੁੱਕਿਆ ਗਿਆ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਤਾਂ ਇਹ ਕੋਈ ਠੱਗ ਲੱਗਦੇ ਹਨ, ਜੋ ਲੋਕਾਂ ਦੇ ਖ਼ਾਤਿਆਂ ਬਾਰੇ ਜਾਣ ਕੇ ਖ਼ਾਤਿਆਂ ਵਿੱਚੋਂ ਪੈਸੇ ਚੋਰੀ ਕਰ ਲੈਂਦੇ ਹਨ।
ਦੱਸ ਦਈਏ ਕਿ ਲੁਧਿਆਣਾ ਵਾਸੀ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਤਰ੍ਹਾਂ ਦੀਆਂ ਸਾਈਬਰ ਠੱਗੀਆਂ ਦੇ ਸ਼ਿਕਾਰ ਹੋਏ ਸਨ, ਜਿਨ੍ਹਾਂ ਦੀਆਂ ਹੱਡਬੀਤੀਆਂ ਅਸੀਂ ਆਪਣੇ ਚੈਨਲ 'ਤੇ ਦਿਖਾ ਚੁੱਕੇ ਹਾਂ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਬਲਕਿ ਪੁਲਿਸ ਸ਼ਿਕਾਇਤ ਕਰਤਾ ਨੂੰ ਇਹ ਕਹਿ ਕੇ ਟਾਲ ਦਿੰਦੀ ਹੈ ਕਿ ਉਹ ਅੱਗੇ ਤੋਂ ਧਿਆਨ ਰੱਖਣ।