ਲੁਧਿਆਣਾ: ਬੀਤੀ ਰਾਤ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ 'ਤੇ ਹੋਏ ਹਮਲੇ ਤੋਂ ਬਾਅਦ ਸ਼ਨਿੱਚਰਵਾਰ ਨੂੰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਹਾਲ ਜਾਨਣ ਲਈ ਅਤੇ ਪੂਰੀ ਘਟਨਾ ਬਾਰੇ ਜਾਣਕਾਰੀ ਲੈਣ ਲਈ ਪਹੁੰਚੇ।
ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਹਨ ਅਤੇ ਹੁਣ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਉੱਥੇ ਹੀ ਹਰਪਾਲ ਚੀਮਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦਿਆਂ ਮੁੱਖ ਮੰਤਰੀ ਕੈਪਟਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਸਰਬਜੀਤ ਕੌਰ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਬੀਤੀ ਰਾਤ ਜਦੋਂ ਉਹ ਲੁਧਿਆਣਾ ਤੋਂ ਜਗਰਾਓਂ ਵਾਪਿਸ ਪਰਤ ਰਹੇ ਸਨ ਤਾਂ ਰਾਹ ਦੇ ਵਿੱਚ ਸੁਨਸਾਨ ਸੜਕ 'ਤੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਨ੍ਹਾਂ ਦੇ ਕਰਮਚਾਰੀ ਨਾਲ ਧੱਕਾ ਮੁੱਕੀ ਵੀ ਕੀਤੀ, ਜਿਸ ਤੋਂ ਬਾਅਦ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਾ ਲਈ ਗਈ ਅਤੇ ਉਨ੍ਹਾਂ ਨੂੰ ਗੱਡੀ ਮੋੜ ਕੇ ਪੁਲਿਸ ਥਾਣੇ ਲਿਜਾਣੀ ਪਈ। ਸਰਬਜੀਤ ਕੌਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਹਾਲਤ ਕਾਫੀ ਖਰਾਬ ਹੈ ਜੇਕਰ ਇੱਕ ਵਿਧਾਇਕ ਸੁਰੱਖਿਅਤ ਨਹੀਂ ਤਾਂ ਹੋਰ ਕੌਣ ਸੁਰੱਖਿਅਤ ਹੋ ਸਕਦਾ ਹੈ।