ਲੁਧਿਆਣਾ:ਵਿਧਾਨਸਭਾ ਚੋਣਾਂ 2022 (Assembly Elections 2022) ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ’ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ। ਜਗਰਾਓਂ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਰੈਲੀ ਹਲਕੇ ਦੇ ਉਮੀਦਵਾਰ ਐਸ ਆਰ ਕਲੇਰ ਵੱਲੋਂ ਰੱਖੀ ਗਈ। ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੰਨੀ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ। ਰੈਲੀ ਵਿੱਚ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮੈਂਟਲ ਕਿਹਾ ਗਿਆ। ਸੂਬੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਲੈਕੇ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਵੱਲੋਂ ਸਿੱਧੂ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਲਾਉਣ ਦੇ ਬਿਆਨ ਨੂੰ ਲੈਕੇ ਸਵਾਲ ਚੁੱਕੇ ਗਏ ਸਨ।
ਇਸ ਮੌਕੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਜੋ ਵੀ ਬੇਅਦਬੀਆਂ ਹੋਈਆਂ ਹਨ ਉਨ੍ਹਾਂ ਦੀ ਜਾਂਚ ਆਖਿਰ ਕਿਉਂ ਨਹੀਂ ਕਰਵਾਈ ਜਾ ਰਹੀ। ਉੁਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਦੀ ਪਹਿਚਾਣ ਤੱਕ ਵੀ ਨਹੀਂ ਕੀਤੀ ਗਈ ਕਿ ਇਹ ਆਖਿਰ ਕੌਣ ਸਨ। ਨਾਲ ਹੀ ਸੁਖਬੀਰ ਵੱਲੋਂ ਸੂਬੇ ਵਿਚ ਬਲਾਸਟ ਦੀਆਂ ਘਟਨਾਵਾਂ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ ਹੈ।
ਇਸਦੇ ਨਾਲ ਹੀ ਉਨ੍ਹਾਂ ਚੰਨੀ ਸਰਕਾਰ ਦੀ ਕਾਰਗੁਜਾਰੀ ਉੱਤੇ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਕਿ ਚੰਨੀ ਵੀ ਨਹੀਂ ਸਮਝਦੇ ਕਿ ਉਹ ਸੀਐਮ ਹਨ। ਇਸ ਮੌਕੇ ਸੁਖਬੀਰ ਵੱਲੋਂ ਪੰਜਾਬ ਦੇ ਆਪ ਪ੍ਰਧਾਨ ਭਗਵੰਤ ਮਾਨ ਉੱਪਰ ਵੀ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਆਪਣੀ ਮਾਂ ਦੀ ਸਹੁੰ ਚੁੱਕ ਕੇ ਦਾਰੂ ਪੀਣ ਦੀ ਸਹੁੰ ਚੁੱਕੀ ਗਈ ਸੀ ਪਰ ਉਨ੍ਹਾਂ ਵੱਲੋਂ ਝੂਠੀ ਸਹੁੰ ਚੁੱਕੀ ਗਈ ਸੀ।