ਲੁਧਿਆਣਾ: ਇੱਕ ਪਾਸੇ ਜਿੱਥੇ ਖੇਤੀ ਕਾਨੂੰਨ ਕਰਕੇ ਪਹਿਲਾਂ ਲਗਾਤਾਰ ਭਾਜਪਾ ਕਿਸਾਨਾਂ ਦੇ ਨਿਸ਼ਾਨੇ ’ਤੇ ਸੀ ਅਤੇ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਥੇ ਹੀ ਹੁਣ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਭਾਜਪਾ ਮੁੜ ਤੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਲੱਗ ਗਈ ਹੈ। ਬੀਤੇ ਦਿਨੀਂ ਭਾਜਪਾ ਵੱਲੋਂ ਲੁਧਿਆਣਾ ਵਿੱਚ ਵੱਡਾ ਪ੍ਰੋਗਰਾਮ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸਦੇ ਨਾਲ ਹੀ ਹੁਣ ਟਿਕਟਾਂ ਨੂੰ ਲੈ ਕੇ ਵੀ ਭਾਜਪਾ ਦੇ ਆਗੂਆਂ ਵੱਲੋਂ ਆਪੋ ਆਪਣੇ ਹਲਕਿਆਂ ਤੋਂ ਦਾਅਵੇਦਾਰੀ ਠੋਕਣੀ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਦਾ ਵਿਧਾਨ ਸਭਾ ਹਲਕਾ ਕੇਂਦਰੀ (Central Assembly constituency of Ludhiana) ਤੋਂ ਪੰਜਾਬ ਦੇ ਮੌਜੂਦਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਨੇ ਟਿਕਟ ਲਈ ਦਾਅਵੇਦਾਰੀ ਠੋਕ ਦਿੱਤੀ ਹੈ। ਹਾਲਾਂਕਿ ਗੁਰਦੇਵ ਸ਼ਰਮਾ ਦੇਬੀ ਇੱਥੋਂ ਦੇ ਮੌਜੂਦਾ ਹਲਕਾ ਇੰਚਾਰਜ ਨਹੀਂ ਜਦੋਂ ਕਿ ਦੂਜੇ ਪਾਸੇ ਪ੍ਰਵੀਨ ਬਾਂਸਲ ਆਪਣਾ ਨੌਰਥ ਹਲਕਾ ਛੱਡ ਕੇ ਕੇਂਦਰ ਹਲਕੇ ਵਿੱਚ ਆ ਕੇ ਦਫ਼ਤਰ ਖੋਲ੍ਹ ਕੇ ਹੁਣ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਪਰਵੀਨ ਬਾਂਸਲ ਵੱਲੋਂ ਦਾਅਵੇਦਾਰੀ
ਪਰਵੀਨ ਬਾਂਸਲ ਭਾਜਪਾ ਦੇ ਸੀਨੀਅਰ ਆਗੂ ਨੇ ਅਤੇ ਦੋ ਵਾਰ ਲੁਧਿਆਣਾ ਉੱਤਰੀ ਤੋਂ ਚੋਣਾਂ ਲੜ ਚੁੱਕੇ ਹਨ ਪਰ ਦੋਵੇਂ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2017 ਵਿੱਚ ਉਨ੍ਹਾਂ ਨੂੰ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਮਾਤ ਦਿੱਤੀ ਪਰ ਪਰਵੀਨ ਬਾਂਸਲ ਨੂੰ ਇੱਥੋਂ 39,732 ਵੋਟਾਂ ਪਈਆਂ ਸਨ ਜਦੋਂ ਕਿ ਗੱਲ 2012 ਦੀ ਕੀਤੀ ਜਾਵੇ ਤਾਂ ਉਦੋਂ ਵੀ ਪ੍ਰਵੀਨ ਬਾਂਸਲ ਨੂੰ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਮਾਤ ਦਿੱਤੀ ਸੀ। ਇਸ ਤੋਂ ਬਾਅਦ ਹੁਣ ਪ੍ਰਵੀਨ ਬਾਂਸਲ ਨੇ ਆਪਣਾ ਹਲਕਾ ਛੱਡ ਕੇ ਲੁਧਿਆਣਾ ਕੇਂਦਰੀ ਹਲਕੇ ਵਿੱਚ ਦਫਤਰ ਖੋਲ੍ਹ ਦਿੱਤਾ ਹੈ ਅਤੇ ਉੱਥੋਂ ਟਿਕਟ ਲਈ ਦਾਅਵੇਦਾਰੀ ਵੀ ਪੇਸ਼ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਕਿਹਾ ਕਿ ਪਹਿਲਾਂ ਸਤਪਾਲ ਗੁਸਾਈਂ ਕਰਕੇ ਟਿਕਟ ਲਈ ਦਾਅਵਾ ਨਹੀਂ ਪੇਸ਼ ਕੀਤਾ ਸੀ ਉਹ ਤਿੰਨ ਵਾਰ ਉੱਥੋਂ ਕੌਂਸਲਰ ਜਿੱਤ ਚੁੱਕੇ ਹਨ। ਉਨ੍ਹਾਂ ਦਾ ਆਪਣਾ ਹਲਕਾ ਹੈ ਇਸ ਕਰਕੇ ਇਸ ਵਾਰ ਉਹ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ।