ਖੰਨਾ: ਜ਼ਿਲ੍ਹਾ ਖੰਨਾ ਦੇ ਦੋਰਾਹਾ ਇਲਾਕੇ 'ਚ ਨਸ਼ਾ ਤਸਕਰਾਂ ਨੇ ਇੱਕ ASI 'ਤੇ ਜਾਨਲੇਵਾ ਹਮਲਾ ਕੀਤਾ। ਏਐਸਆਈ ਦੇ ਉੱਪਰ ਮੋਟਰਸਾਈਕਲ ਚੜ੍ਹਾ ਦਿੱਤਾ ਗਿਆ। ਹਮਲੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਏਐਸਆਈ ਸੁਖਦੇਵ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੋਵੇਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਦੇ ਕਬਜ਼ੇ 'ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।
ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਕੀਤੀ ਕਾਰਵਾਈ :ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਐਸਐਸਪੀ ਖੰਨਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖੰਨਾ ਦੀ ਮੀਟ ਮਾਰਕੀਟ ਵਿੱਚ ਰਹਿਣ ਵਾਲੇ ਦੋ ਬਦਨਾਮ ਨਸ਼ਾ ਤਸਕਰ ਨਸ਼ਾ ਲੈ ਕੇ ਦੋਰਾਹਾ ਤੋਂ ਨਿਕਲ ਰਹੇ ਹਨ। ਇਸ ਮਗਰੋਂ ਪੁਲਿਸ ਨੇ ਦੋਰਾਹਾ ਵਿੱਚ ਨਾਕਾਬੰਦੀ ਕਰ ਦਿੱਤੀ। ਨਾਕਾਬੰਦੀ ਦੌਰਾਨ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਵਿਅਕਤੀਆਂ ਨੇ ਏਐਸਆਈ ਸੁਖਦੇਵ ਸਿੰਘ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ।
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ ਬਰਾਮਦ ਹੋਈ 70 ਗ੍ਰਾਮ ਹੈਰੋਇਨ :ਸੁਖਦੇਵ ਸਿੰਘ ਨੇ ਬੜੀ ਹਿੰਮਤ ਨਾਲ ਇਨ੍ਹਾਂ ਨਸ਼ਾ ਤਸਕਰਾਂ ਨੂੰ ਜੱਫਾ ਮਾਰਿਆ, ਪਰ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰ ਦਿੱਤੀ ਜਿਸ ਕਾਰਨ ਸੁਖਦੇਵ ਸਿੰਘ ਇਸ ਘਟਨਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਪੁਲਿਸ ਨੇ ਦੋਵੇਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਦੋਵੇਂ ਨਸ਼ਾ ਤਸਕਰਾਂ ਨੂੰ ਅਦਾਲਤ ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਲਾਕੇ ਵਿੱਚ ਵਿਕ ਰਹੇ ਨਸ਼ੇ ਦੇ ਸੌਦਾਗਰਾਂ ਬਾਰੇ ਪਤਾ ਲਗਾਇਆ ਜਾ ਸਕੇ।