ਲੁਧਿਆਣਾ: ਜਿੱਥੇ ਕੱਲ੍ਹ ਤੋਂ ਪੰਜਾਬ ਭਰ ਵਿੱਚ ਸਿਹਤ ਕਰਮੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾਣੇ ਹਨ ਉੱਥੇ ਹੀ ਪਹਿਲੇ ਪੜਾਅ ਦੇ ਤਹਿਤ ਟੀਕਾਕਰਨ ਇਸ ਦੇ ਅਧੀਨ ਆਉਣ ਵਾਲੀਆਂ ਆਸ਼ਾ ਵਰਕਰਾਂ ਨੇ ਵੀ ਇਸ ਦਾ ਵਿਰੋਧ ਕਰ ਦਿੱਤਾ ਹੈ।
ਆਸ਼ਾ ਵਰਕਰਾਂ ਨੂੰ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ
ਆਸ਼ਾ ਵਰਕਰਾਂ ਨੇ ਪਹਿਲਾਂ ਕੋਰੋਨਾ ਟੀਕਾ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਵੈਕਸੀਨ ਟੀਕਾ ਵੱਡੇ ਡਾਕਟਰਾਂ ਨੂੰ ਲਗਾਇਆ ਜਾਵੇ ਬਾਅਦ ਵਿੱਚ ਉਨ੍ਹਾਂ ਨੂੰ। ਆਸ਼ਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਕੋਰੋਨਾ ਵੈਕਸੀਨ ਤੋਂ ਕੀਤਾ ਮਨ੍ਹਾਂ
ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਰਾਜਬੀਰ ਕੌਰ ਨੇ ਕਿਹਾ ਕਿ ਇਹ ਇੰਜੈਕਸ਼ਨ ਸੁਰੱਖਿਅਤ ਨਹੀਂ ਹੈ ਇਸ ਕਰਕੇ ਪਹਿਲਾਂ ਆਸ਼ਾ ਵਰਕਰਾਂ ਨੂੰ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਵੱਧ ਨਹੀਂ ਰਹੀਆਂ ਅਤੇ ਨਾ ਹੀ ਉਹ ਪੱਕੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਪਹਿਲਾਂ ਇੰਜੈਕਸ਼ਨ ਦੇਣ ਦੀ ਗੱਲ ਕਰ ਰਹੀ ਹੈ ਜੋ ਕਿ ਸਹੀ ਨਹੀਂ ਹੈ।
ਕੋਰੋਨਾ ਵੈਕਸੀਨ ਦਾ ਟੀਕਾ ਪਹਿਲਾਂ ਲਗਾਉਣ ਡਾਕਟਰ
ਉਨ੍ਹਾਂ ਕਿਹਾ ਕਿ ਕੋਰੋਨਾ ਇੰਜੈਕਸ਼ਨ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਨਾਲ ਸਾਈਡ ਇਫੈਕਟ ਹੁੰਦੇ ਹਨ। ਇਸ ਨਾਲ ਦੌਰਾ ਪੈ ਸਕਦਾ ਹੈ ਅਤੇ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਉਹ ਇਹ ਇੰਜੈਕਸ਼ਨ ਨਹੀਂ ਲਗਾਉਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਟੀਕਾ ਵੱਡੇ ਡਾਕਟਰਾਂ ਯਾਨੀ ਕਿ ਸਿਵਲ ਸਰਜਨ ਨੂੰ ਲਗਾਇਆ ਜਾਵੇ ਉਸ ਤੋਂ ਬਾਅਦ ਹੀ ਉਹ ਲਗਾਉਣਗੇ।
ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ
ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਇਸ ਦਵਾਈ ਨੂੰ ਪ੍ਰਮਾਣਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਕੋਈ ਖ਼ਤਰਾ ਹੁੰਦਾ ਤਾਂ ਸਿਹਤ ਮਹਿਕਮਾ ਪਹਿਲਾਂ ਆਪਣੇ ਤੋਂ ਇਸ ਇੰਜੈਕਸ਼ਨ ਦੀ ਸ਼ੁਰੂਆਤ ਨਾ ਕਰਦਾ।