ਲੁਧਿਆਣਾ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗਲਵਾਰ ਨੂੰ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਉਨ੍ਹਾਂ ਨੂੰ ਪੂਰਨ ਬਹੁਮਤ ਮਿਲੇਗਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ ਬੇਅਦਬੀਆਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮੁੱਦੇ 'ਤੇ ਸਿਆਸਤ ਕਰਦੀਆਂ ਆਈਆਂ ਹਨ, ਦੋਵੇਂ ਇੱਕ ਦੂਜੇ ਦਾ ਸਾਥ ਦਿੰਦੇ ਰਹੇ। ਜਿਸ ਕਰਕੇ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ, ਜੇਕਰ ਸਜ਼ਾ ਦਿੱਤੀ ਹੁੰਦੀ ਤਾਂ ਦੁਬਾਰਾ ਬੇਅਦਬੀ ਨਹੀਂ ਹੁੰਦੀ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਨਸ਼ੇ ਦੇ ਮੁੱਦੇ 'ਤੇ ਆਪਣਾ ਸਟੈਂਡ ਸਾਫ਼ ਕਰਦਿਆਂ ਕਿਹਾ ਕਿ ਨਸ਼ਾ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ, ਜਿਸ 'ਤੇ ਠੱਲ੍ਹ ਪਾਈ ਜਾਵੇਗੀ, ਸੁਰੱਖਿਆ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ, ਉਨ੍ਹਾਂ ਦਾ ਪਹਿਲਾ ਕਰਤੱਵ ਹੋਵੇਗਾ। ਕੇਜਰੀਵਾਲ ਨੇ ਇਸ ਦੌਰਾਨ ਐਸਵਾਈਐਲ ਦੇ ਮੁੱਦੇ 'ਤੇ ਵੀ ਕਿਹਾ ਕਿ ਮੇਰੇ ਸਟੈਂਡ ਲੈਣ ਨਾਲ ਕੁੱਝ ਨਹੀਂ ਹੋਵੇਗਾ, ਮਾਮਲਾ ਕੋਰਟ ਵਿੱਚ ਹੈ ਅਤੇ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਸਲਾ ਹੱਲ ਹੋਵੇ। ਉਹ ਸੁਪਰੀਮ ਕੋਰਟ ਦੇ ਬਾਈਕਾਟ ਦੀ ਕੁੱਝ ਕਹਿੰਦੀਆਂ ਹਨ ਤੇ ਸਟੇਟ ਦੇ ਵਿੱਚ ਕੁੱਝ ਕਹਿੰਦੀਆਂ ਨੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਹੱਕ ਜਾਂ ਅਧਿਕਾਰ ਉਸ ਤੋਂ ਨਹੀਂ ਖੁੰਝਣਾ ਚਾਹੀਦਾ।
ਸੁਰੱਖਿਆ 'ਤੇ ਸਟੈਂਡ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੁਰੱਖਿਆ ਇਕ ਬਹੁਤ ਅਹਿਮ ਮੁੱਦਾ ਹੈ ਬੀਤੇ ਮਹੀਨਿਆਂ ਦੇ ਵਿੱਚ ਜੋ ਘਟਨਾਵਾਂ ਹੋਈਆਂ, ਉਸ ਕਰਕੇ ਪੰਜਾਬ ਦੇ ਵਿੱਚ ਈਮਾਨਦਾਰ ਅਤੇ ਮਜ਼ਬੂਤ ਸਰਕਾਰ ਦੀ ਸਖ਼ਤ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਸਾਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ, ਭਾਵੇਂ ਉਹ ਕਿਸੇ ਵੀ ਸਮਾਜ ਹੈ ਕਿਸੇ ਵੀ ਧਰਮ ਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਇਸ 'ਤੇ ਰਾਜਨੀਤੀ ਕੀਤੀ ਹੈ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਵੇਗੀ ਤਾਂ ਸੁਰੱਖਿਆ ਆਪੇ ਹੀ ਹੋ ਜਾਵੇਗੀ।
ਐਸ.ਵਾਈ.ਐਲ 'ਤੇ ਸਟੈਂਡ
ਕੇਜਰੀਵਾਲ ਨੇ ਐਸ.ਵਾਈ.ਐਲ 'ਤੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੁਪਰੀਮ ਕੋਰਟ ਦੇ ਵਿੱਚ ਕੋਈ ਅਜਿਹੀ ਪਟੀਸ਼ਨ ਦਾਖ਼ਲ ਨਹੀਂ ਕੀਤੀ ਕਿ ਦਿੱਲੀ ਨੂੰ ਪੰਜਾਬ ਦਾ ਪਾਣੀ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਇਹ ਰਾਜਨੀਤਿਕ ਪਾਰਟੀਆਂ ਦੇ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਮੇਰੇ ਸਟੈਂਡ ਲੈਣ ਨਾਲ ਕੁੱਝ ਵੀ ਨਹੀਂ ਹੋਵੇਗਾ, ਅਸਲ ਵਿੱਚ ਰਾਜਨੀਤਿਕ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਸਲਾ ਹੱਲ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਸਟੈਂਡ ਲੈਣ ਨਾਲ ਮਸਲਾ ਹੱਲ ਹੁੰਦਾ ਤਾਂ ਮੈਂ 5 ਮਿੰਟ ਵਿੱਚ ਲੈ ਲੈਂਦਾ, ਪਰ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ, ਪਰ ਉਹ ਇਹ ਗੱਲ ਜ਼ਰੂਰ ਕਹਿਣਗੇ ਕਿ ਪੰਜਾਬ ਦਾ ਹੱਕ ਉਸ ਤੋਂ ਖੁੰਝਣਾ ਨਹੀਂ ਚਾਹੀਦਾ।