ਲੁਧਿਆਣਾ:ਪੰਜਾਬ ਅੰਦਰ ਅੱਜ ਕੱਲ ਸੋਸ਼ਲ ਮੀਡੀਆ ਅਤੇ ਫੋਨ ਉੱਤੇ ਸ਼ਰੇਆਮ ਫਿਰੌਤੀਆਂ ਮੰਗਣ ਦਾ ਰੁਝਾਨ ਵੱਧ ਗਿਆ ਹੈ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਪੁਲਿਸ ਨੇ ਮਹਿਲਾ ਬੀਜੇਪੀ ਲੀਡਰ ਤੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਰੌਤੀ ਨਾ ਦੇਣ ਦੀ ਸਥਿਤੀ ਵਿੱਚ ਮੁਲਜ਼ਮ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਰਨ ਦੀਆਂ ਧਮਕੀਆਂ ਦੇ ਰਿਹਾ ਸੀ। ਖੰਨਾ ਦੇ ਐਸਐਸਪੀ ਅਮਨੀਤ ਕੋਂਡਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਰਜਨੀਸ਼ ਸ਼ਰਮਾ ਵਾਸੀ ਗਲੀ ਨੰਬਰ ਪੰਜ ਸ਼ਿਵ ਪੁਰੀ ਰੋਡ ਪ੍ਰੀਤ ਨਗਰ ਲੁਧਿਆਣਾ ਵਜੋਂ ਹੋਈ ਹੈ, ਮੁਲਜ਼ਮ ਉੱਤੇ ਪਹਿਲਾਂ ਹੀ ਲੁਧਿਆਣਾ ਦੇ ਅੰਦਰ 5 ਮਾਮਲੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਹਨ।
ਮੁਲਜ਼ਮ ਰਜਨੀਸ਼ ਗ੍ਰਿਫ਼ਤਾਰ:ਇਸ ਸਬੰਧੀ ਸੀਨੀਅਰ ਪੁਲਿਸ ਅਫ਼ਸਰ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਇਹ ਮਹਿਲਾ ਭਾਜਪਾ ਲੀਡਰ ਨੂੰ ਮੁਲਜ਼ਮ ਫੋਨ ਕਰਕੇ ਅਤੇ ਵੱਖ-ਵੱਖ ਨੰਬਰਾਂ ਤੋਂ ਮੈਸਿਜ ਕਰਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ, ਜਿਸ ਸਬੰਧੀ 22 ਫਰਵਰੀ ਨੂੰ ਭਾਜਪਾ ਲੀਡਰ ਦੇ ਪਤੀ ਅਜੇ ਸੂਦ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜੋਕਿ ਖੰਨਾ ਦੇ ਹੀ ਰਹਿਣ ਵਾਲੇ ਹਨ। ਇਸ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਮੁਲਜ਼ਮ ਰਜਨੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।