ਲੁਧਿਆਣਾ:ਗਿੱਲ ਹਲਕੇ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਵੈਦ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਇਕ ਤੋਂ ਬਾਅਦ ਇਕ ਵਿਜੀਲੈਂਸ ਵੱਲੋਂ ਕੁਲਦੀਪ ਵੈਦ ਤੋਂ ਦਸਤਾਵੇਜ਼ ਮੰਗੇ ਜਾ ਰਹੇ ਹਨ ਅਤੇ ਇੱਕ ਦਸਤਾਵੇਜ਼ ਪੂਰਾ ਕਰਨ ਤੋਂ ਬਾਅਦ ਦੂਜੇ ਦੀ ਮੰਗ ਕਰ ਲਈ ਜਾਂਦੀ ਹੈ। ਇਸ ਕਰਕੇ ਸਾਬਕਾ ਐਮਐਲਏ ਨੂੰ ਵਿਜੀਲੈਂਸ ਦਫਤਰ ਦੇ ਚੱਕਰ ਕੱਟਣੇ ਪੈ ਰਹੇ ਹਨ। ਹੁਣ ਮੁੜ ਤੋਂ ਵਿਜੀਲੈਂਸ ਨੇ ਕੁਲਦੀਪ ਵੈਦ ਨੂੰ 8 ਜੂਨ ਨੂੰ ਕਿਸੇ ਹੋਰ ਕੇਸ ਸਬੰਧੀ ਦਸਤਾਵੇਜ਼ ਲਿਆਉਣ ਨੂੰ ਕਿਹਾ ਹੈ। ਕੁਲਦੀਪ ਵੈਦ ਦਸਤਾਵੇਜ਼ ਜੁਟਾਉਣ ਵਿੱਚ ਲੱਗੇ ਹੋਏ ਹਨ। ਪੂਰਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਹੈ, ਜਿਸ ਨੂੰ ਲੈਕੇ ਕੁਲਦੀਪ ਵੈਦ ਨਾਲ ਸਬੰਧਿਤ ਜਾਇਦਾਦਾਂ ਦਾ ਵੇਰਵਾ ਅਤੇ ਦਸਤਾਵੇਜ਼ ਵਿਜੀਲੈਂਸ ਵਲੋਂ ਮੰਗੇ ਜਾ ਰਹੇ ਹਨ।
ਵਿਜੀਲੈਂਸ ਅੱਗੇ 8 ਜੂਨ ਨੂੰ ਫਿਰ ਪੇਸ਼ ਹੋਣਗੇ ਸਾਬਕਾ ਵਿਧਾਇਕ ਕੁਲਦੀਪ ਵੈਦ - ਸਾਬਕਾ ਵਿਧਾਇਕ ਕੁਲਦੀਪ ਵੈਦ
ਵਿਜੀਲੈਂਸ ਵਲੋਂ ਸਾਬਕਾ ਐਮਐਲਏ ਕੁਲਦੀਪ ਵੈਦ ਨੂੰ 8 ਜੂਨ ਨੂੰ ਫਿਰ ਪੇਸ਼ ਹੋਣ ਲਈ ਸੱਦਿਆ ਹੈ। ਕਾਂਗਰਸੀ ਸਾਬਕਾ ਵਿਧਾਇਕ ਵੈਦ ਦਸਤਾਵੇਜ਼ ਪੂਰੇ ਕਰ ਰਹੇ ਹਨ।
ਕੁਲਦੀਪ ਵੈਦ ਦੀਆਂ ਜਾਇਦਾਦਾਂ ਦਾ ਵੇਰਵਾ :ਕੁਲਦੀਪ ਵੈਦ ਨੇ ਮੀਡੀਆ ਸਾਹਮਣੇ ਜਾਂਚ ਵਿੱਚ ਸਹਿਯੋਗ ਅਤੇ ਸਾਰੇ ਦਸਤਾਵੇਜ਼ ਪੇਸ਼ ਕਰਨ ਦਾ ਵੈਦ ਨੇ ਦਾਅਵਾ ਕੀਤਾ ਹੈ। ਜਦੋਂ ਕਿ ਦੂਜੇ ਪਾਸੇ ਵਿਜੀਲੈਂਸ ਵਲੋਂ ਇੱਕ ਤੋਂ ਬਾਅਦ ਇਕ ਜਾਇਦਾਦਾਂ ਸਬੰਧੀ ਵੈਦ ਤੋਂ ਵੇਰਵਾ ਮੰਗਿਆ ਜਾ ਰਿਹਾ ਹੈ, ਪਿਛਲੀ ਤਰੀਕ ਦੌਰਾਨ ਵੈਦ ਤੋਂ ਇਕ ਜਾਇਦਾਦ ਦੀ ਰਜਿਸਟਰੀ ਦੀ ਮੰਗ ਕੀਤੀ ਗਈ ਸੀ ਅਤੇ ਰੀਜਿਸਟਰੀ ਦੀ ਕਾਪੀ ਦੇਣ ਲਈ ਅੱਜ ਯਾਨੀ 5 ਜੂਨ ਦਾ ਸਮਾਂ ਦਿੱਤਾ ਗਿਆ ਸੀ ਅੱਜ ਰਜਿਸਟਰੀ ਦੀ ਕਾਪੀ ਲੈਕੇ ਆਏ ਸਾਬਕਾ ਐਮ ਐਲ ਏ ਵੈਦ ਨੂੰ ਵਿਜੀਲੈਂਸ ਨੇ ਕੁਝ ਹੋਰ ਕੇਸ ਨਾਲ ਸਬੰਧਿਤ ਦਸਤਾਵੇਜ਼ ਮੰਗ ਲਏ ਜਿਸ ਕਰਕੇ ਹੁਣ ਮੁੜ ਤੋਂ 8 ਜੂਨ ਨੂੰ ਵੈਦ ਨੂੰ ਵਿਜੀਲੈਂਸ ਬਿਓਰੋ ਦਫਤਰ ਲੁਧਿਆਣਾ ਵਿਖੇ ਸੱਦਿਆ ਗਿਆ ਹੈ।
ਕੁਲਦੀਪ ਵੈਦ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹੈ ਅਤੇ ਇਸ ਮਾਮਲੇ ਚ ਉਸ ਦੀ ਜਾਇਦਾਦ ਦੀ ਬੀਤੇ ਦਿਨੀਂ ਚੰਡੀਗੜ ਤੋਂ ਆਈ ਤਕਨੀਕੀ ਟੀਮ ਵੱਲੋਂ ਪੈਮਾਇਸ਼ ਵੀ ਕੀਤੀ ਗਈ ਸੀ। ਕੁਲਦੀਪ ਵੈਦ ਤੋਂ ਪਹਿਲਾਂ ਲੁਧਿਆਣਾ ਤੋਂ ਕਾਂਗਰਸ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿੱਚ ਜਾਂਚ ਵਿੱਚ ਜੋੜਿਆ ਗਿਆ ਸੀ ਜੋਕਿ 8 ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਲੈਕੇ ਪਰਤੇ ਹਨ। ਓਥੇ ਹੀ ਐਲ ਈ ਡੀ ਲਾਈਟ ਮਾਮਲੇ ਵਿੱਚ ਮੁੱਲਾਂਪੁਰ ਤੋਂ ਕਾਂਗਰਸ ਦੀ ਟਿਕਟ ਉੱਤੇ 2 ਵਾਰ ਚੋਣ ਲੜ ਚੁੱਕੇ ਕੈਪਟਨ ਅਮਰਿੰਦਰ ਦੇ ਬੇਹੱਦ ਖਾਸ ਰਹੇ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਮਾਮਲਾ ਵੀ ਵਿਜੀਲੈਂਸ ਕੋਲ ਚੱਲ ਰਿਹਾ ਹੈ। ਕੁਲਦੀਪ ਵੈਦ ਲੁਧਿਆਣਾ ਦੇ ਤੀਜੇ ਕਾਂਗਰਸੀ ਆਗੂ ਹਨ, ਜਿਨ੍ਹਾਂ ਉੱਤੇ ਵਿਜੀਲੈਂਸ ਨੇ ਸ਼ਿਕੰਜਾ ਕਸਿਆ ਹੋਇਆ ਹੈ।