ਲੁਧਿਆਣਾ :ਲੁਧਿਆਣਾ ਨਗਰ ਨਿਗਮ ਵਲੋਂ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਦੇ ਲੜਕੇ ਨੂੰ ਇੱਕ ਸਾਲ ਲਈ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ, ਜਿਸਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੈਰਾ ਨੇ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ ਹਨ। ਖਹਿਰਾ ਨੇ ਮੁੱਖ ਮੰਤਰੀ ਪੰਜਾਬ ਨੂੰ ਟੈਗ ਕਰਕੇ ਸਵਾਲ ਵੀ ਚੁੱਕਿਆ ਹੈ ਅਤੇ ਇਸ ਸਵਾਲ ਦਾ ਜਵਾਬ ਵਿਧਾਇਕ ਨੇ ਦਿੱਤਾ ਹੈ। ਖਹਿਰਾ ਨੇ ਟਵੀਟ ਕਰਕੇ ਸਵਾਲ ਕੀਤਾ ਸੀ ਕਿ ਕੀ ਪੂਰੇ ਲੁਧਿਆਣੇ ਵਿੱਚ ਨਗਰ ਨਿਗਮ ਨੂੰ ਕੋਈ ਹੋਰ ਕਾਬਲ ਉਮੀਦਵਾਰ ਨਹੀਂ ਮਿਲਿਆ ਹੈ। ਇਸਦਾ ਜਵਾਬ ਦਿੰਦੇ ਹੋਏ ਐਮ ਐਲ ਏ ਨੇ ਕਿਹਾ ਕਿ ਜੇਕਰ ਉਸਦਾ ਪੁੱਤਰ ਯੋਗਤਾ ਦੇ ਆਧਾਰ 'ਤੇ ਇੱਕ ਸਾਲ ਲਈ ਨਿੱਜੀ ਨੌਕਰੀ ਵੀ ਨਹੀਂ ਕਰ ਸਕਦਾ ਤਾਂ ਉਹ ਉਸਨੂੰ ਨੌਕਰੀ ਤੋਂ ਅਸਤੀਫਾ ਦਵਾ ਲੈਣਗੇ। ਇਸਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨੂੰ ਮਿਲੀ ਇਹ ਨੌਕਰੀ ਪ੍ਰਾਈਵੇਟ ਹੈ ਨਾ ਕਿ ਸਰਕਾਰੀ।
ਵਿਰੋਧੀ ਧਿਰਾਂ ਬਣਾ ਰਹੀਆਂ ਹਨ ਮੁੱਦਾ :ਐਮ ਐਲ ਏ ਬੱਗਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਗੱਲ ਦਾ ਕੋਈ ਇਤਰਾਜ ਨਹੀਂ ਹੋਣਾ ਚਾਹਿਦਾ। ਉਨ੍ਹਾ ਨੂੰ ਜਦੋਂ ਸਾਬਕਾ ਐਮ ਐਲ ਏ ਰਾਕੇਸ਼ ਪਾਂਡੇ ਦੇ ਬੇਟੇ ਨੂੰ ਤਹਿਸੀਲਦਾਰ ਲਾਉਣ ਤੇ ਆਪ ਵੱਲੋਂ ਵਿਰੋਧ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾ ਕਿਹਾ ਕੇ ਉਨ੍ਹਾ ਨੂੰ ਨੌਕਰੀ ਪੰਜਾਬ ਸਰਕਾਰ ਨੇ ਦਿੱਤੀ ਸੀ ਜਦੋਂ ਕਿ ਇਹ ਨੌਕਰੀ ਨਿੱਜੀ ਕੰਪਨੀ ਦੀ ਹੈ। ਚੰਡੀਗੜ ਵਿੱਚ ਇਸ ਸਬੰਧੀ ਬਕਾਇਦਾ ਇੰਟਰਵਿਊ ਹੋਣ ਤੋਂ ਬਾਅਦ ਉਸ ਦੀ ਚੋਣ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਵਿਰੋਧੀ ਬੇਵਜ੍ਹਾ ਇਸ ਨੂੰ ਮੁੱਦਾ ਬਣਾ ਰਹੇ ਹਨ। ਉਨ੍ਹਾ ਕਿਹਾ ਫਿਰ ਵੀ ਜੇਕਰ ਪਾਰਟੀ ਇਸ ਸਬੰਧੀ ਉਨ੍ਹਾ ਨੂੰ ਕਹੇਗੀ ਤਾਂ ਉਹ ਉਸ ਤੋਂ ਅਸਤੀਫਾ ਦਵਾ ਦੇਣਗੇ।