ਲੁਧਿਆਣਾ:ਪੰਜਬ ਵਿੱਚ ਨੌਜਵਾਨਾਂ ਤੋਂ ਬਾਅਦ ਹੁਣ ਨਬਾਲਿਗ ਵੀ ਨਸ਼ਿਆਂ ਵਿੱਚ ਗਲਤਾਨ ਹੋ ਰਹੇ ਹਨ ਅਤੇ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ 30 ਲੱਖ ਦੇ ਕਰੀਬ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਹਾਂਲਾਕਿ ਪੰਜਾਬ ਨੂੰ ਦੇਸ਼ ਦੇ ਹੋਰਨਾਂ ਸੂਬਿਆਂ ਅੰਦਰ ਨਸ਼ੇ ਦੀ ਸੂਚੀ ਦੇ ਵਿੱਚ ਤੀਜੇ ਨੰਬਰ ਉੱਤੇ ਰੱਖਿਆ ਗਿਆ। ਰਿਪੋਰਟ ਦੇ ਮੁਤਾਬਿਕ ਇੱਕ ਸਾਲ ਦੇ ਵਿੱਚ ਪੰਜਾਬ ਅੰਦਰ ਨਸ਼ੇ ਨੂੰ ਲੈ ਕੇ 9 ਹਜ਼ਾਰ 972 ਮਾਮਲੇ ਦਰਜ ਕੀਤੇ ਗਏ। pgimer ਵੱਲੋਂ ਦਸੰਬਰ 2022 ਦੇ ਵਿੱਚ ਜਾਰੀ ਕੀਤੀ ਰਿਪੋਰਟ ਦੇ ਵਿੱਚ ਵੀ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਲਗਭਗ ਤਿੰਨ ਮਿਲੀਅਨ ਲੋਕ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਪੰਜਾਬ ਦੀ ਆਬਾਦੀ ਦਾ ਇਹ ਕੁੱਲ 15.4 ਫੀਸਦੀ ਹਿੱਸਾ ਹੈ।
ਵੱਧ ਰਹੇ ਨਸ਼ੇ ਦਾ ਪ੍ਰਕੋਪ:ਪੰਜਾਬ ਵਿੱਚ ਸਾਲਾਨਾ ਨਸ਼ੇ ਦਾ ਕਾਰੋਬਾਰ ਲਗਭਗ 7500 ਕਰੋੜ ਰੁਪਏ ਦੱਸਿਆ ਗਿਆ। ਪੰਜਾਬ ਵਿੱਚ ਹੈਰੋਇਨ ਦੇ ਨਾਲ ਅਫੀਮ ਭੁੱਕੀ, ਨਸ਼ੀਲੀ ਗੋਲੀਆਂ ਆਦਿ ਵੀ ਪੁਲਿਸ ਵੱਲੋਂ ਲਗਾਤਾਰ ਬਰਾਮਦ ਕੀਤੀਆਂ ਜਾ ਰਹੀਆਂ। ਸਾਲ 2022 ਦੇ ਵਿੱਚ ਪਾਕਿਸਤਾਨ ਤੋਂ ਭਾਰਤ ਵੱਲ ਹੈਰੋਇਨ ਸਮਗਲਿਗ ਕਰਨ ਦੇ 9500 ਕੇਸ ਦੇ ਅੰਦਰ 13,000 ਨਸ਼ਾ ਸਮਗਲਰਾਂ ਨੂੰ ਐੱਨਡੀਪੀਐੱਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਕਰਨ ਵਾਲੇ ਨਸ਼ੇੜੀਆ ਦੇ ਵਿੱਚ 19.5 ਨਸ਼ੇੜੀ ਇਹੋ ਜਿਹੇ ਹਨ ਜੋ ਕਿ ਨਸ਼ੇ ਲੈਣ ਲਈ ਸਰਿੰਜ ਦੀ ਵਰਤੋਂ ਕਰਦੇ ਹਨ ਅਤੇ ਲਗਾਤਾਰ ਐੱਚਆਈਵੀ ਮਾਮਲੇ ਉਨ੍ਹਾਂ ਦੇ ਅੰਦਰ ਵੇਖਣ ਨੂੰ ਮਿਲ ਰਹੇ ਹਨ।
ਮਾਹਿਰਾ ਨੇ ਦੱਸੇ ਹਾਲਾਤ: ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਅੰਦਰ ਮਨੋਰੋਗ ਦੇ ਮਾਹਿਰ ਡਾਕਟਰ ਹਰਸਿਮਰਨ ਕੌਰ ਨੇ ਦੱਸਿਆ ਕਿ ਪਹਿਲਾਂ ਸਾਡੇ ਕੋਲ ਨਸ਼ੇ ਛਡਵਾਉਣ ਦੇ ਲਈ ਜ਼ਿਆਦਾਤਰ ਭੁੱਕੀ ਅਫੀਮ ਵਾਲੇ ਬਜ਼ੁਰਗ ਆਇਆ ਕਰਦੇ ਸਨ, ਫਿਰ ਸਮਾਂ ਆਇਆ ਜਦੋਂ 18 ਸਾਲ ਤੋਂ 24 ਸਾਲ ਦੇ ਨੌਜਵਾਨ ਚਿੱਟੇ ਦੀ ਦਲਦਲ ਦੇ ਵਿੱਚ ਫਸਣ ਲੱਗੇ। ਹੁਣ ਮੌਜੂਦਾ ਹਾਲਾਤ ਇਹ ਨੇ ਕਿ ਨਾਬਾਲਿਗ ਬੱਚੇ ਵੀ ਨਸ਼ੇ ਦੇ ਆਦੀ ਹੋਣ ਲੱਗੇ ਨੇ। ਉਹਨਾਂ ਦੱਸਿਆ ਕਿ ਸਾਡੇ ਸੈਂਟਰ ਦੇ ਵਿੱਚ ਅਜਿਹੇ ਨੌਜਵਾਨਾਂ ਦੇ ਅਕਸਰ ਕੇਸ ਆਉਂਦੇ ਨੇ ਜਿਹੜੇ ਨਸ਼ੇ ਦੀ ਆਦਤ ਕਰਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੇ, ਇਥੋਂ ਤੱਕ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਬਿਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹੇ ਨੌਜਵਾਨਾਂ ਦਾ ਜਦੋਂ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਘਰ ਕਲੇਸ਼ ਹੁੰਦਾ ਹੈ।