ਖੰਨਾ:ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਲਗਾਤਾਰ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਖੰਨਾ ਪੁਲਿਸ ਨੇ ਸਮਰਾਲਾ ਤੋਂ ਵੀ ਅੰਮ੍ਰਿਤਪਾਲ ਦੇ 4 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨੌਜਵਾਨ ਸਮਰਾਲਾ ਨਾਲ ਸਬੰਧਤ ਹਨ।
ਕੌਣ ਨੇ ਗ੍ਰਿਫ਼ਤਾਰ ਕੀਤੇ 4 ਨੌਜਵਾਨ:ਖੰਨਾ ਪੁਲਿਸ ਨੇ' ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੀ ਪਛਾਣ ਈਸ਼ਵਰ ਸਿੰਘ ਵਾਸੀ ਪਿੰਡ ਮਾਨਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਉਟਾਲਾਂ, ਸੁਖਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਤਾਰ ਸਿੰਘ ਵਾਸੀ ਪਿੰਡ ਰਾਣਵਾਂ ਵਜੋਂ ਹੋਈ। ਇਹਨਾਂ ਵੱਲੋਂ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਅਤੇ ਅੰਮ੍ਰਿਤਪਾਲ ਦੀ ਭਾਲ ਦੇ ਵਿਰੋਧ 'ਚ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ। ਜਿਵੇਂ ਹੀ ਪੁਲਿਸ ਨੂੰ ਇਨ੍ਹਾਂ ਨੌਜਵਾਨਾਂ ਦੇ ਮਨਸੂਬੇ ਪਤਾ ਲੱਗੇ ਤਾਂ ਪੁਲਿਸ ਨੇ ਇਹਨਾਂ ਨੂੰ ਤੁਰੰਤ ਕਾਬੂ ਕੀਤਾ ਅਤੇ 107-151 ਅਧੀਨ ਕਾਰਵਾਈ ਕਰਕੇ ਚਾਰੇ ਸਮਰਥਕਾਂ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਐਸਐਸਪੀ ਦਾ ਬਿਆਨ: ਉਧਰ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਉਹਨਾਂ ਨੂੰ ਇਨਪੁੱਟ ਮਿਲੇ ਸੀ ਕਿ ਅੰਮ੍ਰਿਤਪਾਲ ਦੇ ਸਮਰਥਕ ਹਾਈਵੇ ਜਾਮ ਜਾਂ ਕੋਈ ਹੋਰ ਥਾਂ ਉੱਪਰ ਧਰਨਾ ਦੇਣ ਲਈ ਸੁਨੇਹਾ ਲਗਾ ਰਹੇ ਹਨ। ਜਿਸਨੂੰ ਦੇਖਦੇ ਹੋਏ ਕਾਰਵਾਈ ਕੀਤੀ ਗਈ। ਐਸਐਸਪੀ ਨੇ ਕਿਹਾ ਕਿ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇਗੀ। ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।