ਲੁਧਿਆਣਾ: ਅਮਰਜੀਤ ਸਿੰਘ ਉਰਫ ਟਰਬਨ ਟਰੈਵਲਰ (Turban travelers arrived in Ludhiana) ਪੂਰੇ ਵਿਸ਼ਵ ਭਰ ਵਿੱਚ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਨੇ, ਉਹ ਹੁਣ ਤੱਕ 1 ਲੱਖ 85 ਹਜ਼ਾਰ ਕਿਲੋਮੀਟਰ ਦਾ ਸਫਰ ਆਪਣੀ ਕਾਰ ਉੱਤੇ ਤੈਅ ਕਰ ਚੁੱਕੇ ਨੇ। ਉਨ੍ਹਾਂ ਨੇ ਸਾਲ 2018 ਵਿੱਚ ਪਹਿਲੀ ਯਾਤਰਾ ਆਪਣੀ ਕਾਰ ਉੱਤੇ ਦਿੱਲੀ ਤੋਂ ਇੰਗਲੈਂਡ ਤੱਕ ਕੀਤੀ ਸੀ। ਉਹ ਯੂਰੋਪ, ਏਸ਼ੀਆ, ਅਮਰੀਕਾ ਅਤੇ ਅਫਰੀਕਾ ਆਦਿ ਦੀ ਸੈਰ ਵੀ ਕਾਰ ਉੱਤੇ ਕਰ ਚੁੱਕੇ ਨੇ। ਪੂਰੀ ਦੁਨੀਆਂ ਉਨ੍ਹਾਂ ਨੂੰ ਟਰਬਨ ਟਰੈਵਲਰ ਦੇ ਨਾਂਅ ਨਾਲ ਜਾਣਦੀ ਹੈ। ਦਿੱਲੀ ਦੇ ਇੱਕ ਮਧਮ ਵਰਗ ਨਾਲ ਸਬੰਧਿਤ ਅਮਰਜੀਤ ਸਿੰਘ ਨੇ 57 ਸਾਲ ਦੀ ਉਮਰ ਵਿੱਚ ਇਸ ਸਫਰ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਨ੍ਹਾਂ ਦੇ 26 ਦੇਸ਼ਾਂ ਦੇ ਵੀਜ਼ਾ ਲੱਗ ਚੁੱਕੇ ਨੇ।
ਕਿਵੇਂ ਕੀਤੀ ਸ਼ੁਰੂਆਤ: 1979 ਵਿੱਚ ਇੱਕ ਵਿਦੇਸ਼ੀ ਜੋੜੇ ਤੋਂ ਪ੍ਰਭਾਵਿਤ ਹੋਕੇ ਅਮਰਜੀਤ ਸਿੰਘ ਨੇ ਵਿਦੇਸ਼ ਘੁੰਮਣ ਦਾ ਮਨ ਬਣਾਇਆ ਸੀ, ਪਹਿਲਾਂ ਉਹ ਬਾਈਕ ਉੱਤੇ ਜਾਣਾ ਚਾਹੁੰਦੇ ਸਨ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਨਹੀਂ ਜਾ ਸਕੇ। ਫਿਰ ਉਨ੍ਹਾਂ ਨੇ ਸਾਰੇ ਪਰਿਵਾਰਕ ਕੰਮ ਖਤਮ ਕਰਨ ਤੋਂ ਬਾਅਦ ਵਿਦੇਸ਼ ਦੀ ਸੈਰ ਕਰਨ ਦਾ ਫੈਸਲਾ ਕੀਤਾ, 2018 ਦੇ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਪਹਿਲੇ ਪੜਾਅ ਦੇ ਤਹਿਤ ਦਿੱਲੀ ਤੋਂ ਇੰਗਲੈਂਡ ਤੱਕ ਕਾਰ ਚਲਾ ਕੇ ਗਏ, ਫਿਰ ਉਹਨਾਂ ਨੇ ਆਪਣੇ ਇਸ ਸਫ਼ਰ ਨੂੰ ਜਾਰੀ ਰੱਖਿਆ ਅਤੇ 30 ਦੇਸ਼ਾਂ ਦੇ ਵਿੱਚ ਕਾਰ ਦੇ ਨਾਲ ਸਫ਼ਰ ਕਰਕੇ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣੇ।
ਧਾਰਮਿਕ ਸਥਾਨਾਂ ਦੀ ਯਾਤਰਾ: ਟਰਬਨ ਟਰੈਵਲਰ ਅਮਰਜੀਤ ਸਿੰਘ ਹੁਣ 200 ਮੁਲਕਾਂ ਵਿੱਚ ਗੁਰੂਧਾਮਾਂ ਦੀ ਯਾਤਰਾ (Travel to Gurudhams in 200 countries) ਉੱਤੇ ਨਿਕਲੇ ਨੇ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਅਤੇ ਹੁਣ ਤੱਕ ਉਹ 85 ਮੁਲਕਾਂ ਦੇ ਵਿੱਚ ਜਾ ਚੁੱਕੇ ਨੇ। ਉਨ੍ਹਾਂ ਨੇ 5 ਲੱਖ ਕਿਲੋਮੀਟਰ ਦਾ ਸਫ਼ਰ 1000 ਦਿਨ ਵਿੱਚ ਤੈਅ ਕਰਨ ਦਾ ਟੀਚਾ ਮਿਥਿਆ ਹੈ। ਲਗਭਗ ਪੌਣੇ ਤਿੰਨ ਸਾਲ ਦੇ ਵਿੱਚ ਇਹ ਸਫ਼ਰ ਤਹਿ ਹੋਵੇਗਾ, ਹੋ ਸਕਦਾ ਹੈ ਕਿ ਚਾਰ ਸਾਲ ਵੀ ਲੱਗ ਜਾਣ। ਹੁਣ ਤੱਕ ਉਹ 1 ਲੱਖ 85 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੇ ਨੇ। ਸਿਰਫ ਗੁਰੂ ਧਾਮਾਂ ਦੀ ਹੀ ਨਹੀਂ ਉਹ ਬਾਕੀ ਧਰਮਾਂ ਦੇ ਪਵਿੱਤਰ ਅਸਥਾਨਾਂ ਦੇ ਵੀ ਦਰਸ਼ਨ ਨਾਲ-ਨਾਲ ਕਰ ਰਹੇ ਹਨ ਤਾਂ ਜੋ ਉਹਨਾਂ ਦੇ ਬਾਰੇ ਵੀ ਉਹ ਜਾਣਕਾਰੀ ਹਾਸਿਲ ਕਰ ਸਕਣ।
ਦੇਸ਼ ਦੇ ਪਹਿਲੇ ਟਰਬਨ ਟਰੈਵਲਰ
ਯਾਤਰਾ ਦਾ ਟੀਚਾ:ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਦਾ ਮੁੱਖ ਮੰਤਵ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖਤਾ ਨੂੰ ਏਕਤਾ ਦਾ ਸੁਨੇਹਾ ਦੇਣਾ ਵੀ ਹੈ, ਖ਼ਾਸ ਕਰਕੇ ਮਹਿਲਾਵਾਂ ਨੂੰ ਸਤਿਕਾਰ ਦੇਣਾ ਅਤੇ ਸਭ ਧਰਮਾ ਦਾ ਸਤਿਕਾਰ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਟੀਚਾ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਉੱਤੇ 6 ਨੁਕਤੇ ਲਿਖੇ ਗਏ ਨੇ, ਸੱਭਿਆਚਾਰ, ਸੰਗੀਤ, ਖਾਣਾ ਅਤੇ ਨਾਲ ਹੀ ਧਰਮ ਪ੍ਰਚਾਰ ਦੇ ਨਾਲ ਬਾਕੀ ਧਰਮਾਂ ਬਾਰੇ ਵੀ ਜਾਣਕਾਰੀ ਹਾਸਿਲ ਕਰਨਾ। ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਲੋਕਾਂ ਨਾਲ ਵੱਧ ਤੋਂ ਵੱਧ ਮਿਲਣਾ ਅਤੇ ਵੱਖ-ਵੱਖ ਸੱਭਿਆਚਾਰਾਂ ਬਾਰੇ ਜਾਣਕਾਰੀ ਹਾਸਲ ਕਰਨਾ ਉਹਨਾਂ ਨੂੰ ਕਾਫੀ ਪਸੰਦ ਹੈ।
ਕਈ ਮੁਲਕਾਂ ਦੇ ਵੀਜ਼ੇ: ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਤੱਕ ਉਹਨਾਂ ਨੂੰ ਕਦੇ ਵੀ ਕਿਸੇ ਮੁਲਕ ਦਾ ਵੀਜ਼ਾ ਲੈਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਈ, ਉਹਨਾਂ ਦੀ ਪ੍ਰੋਫਾਈਲ ਵੇਖ ਕੇ ਹੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਹੈ। ਉਹਨਾਂ ਦੇ ਸੈਰ ਸਪਾਟੇ ਦੇ ਦੌਰਾਨ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਹੋਇਆ, ਉਹਨਾਂ ਨੇ ਹਰ ਦੇਸ਼ ਦੇ ਵਿੱਚ ਨਿਯਮਾਂ ਦੀ ਪਾਲਣਾ ਕੀਤੀ ਹੈ, ਇਹੀ ਕਾਰਨ ਹੈ ਕਿ ਉਹ ਜਿਸ ਮਰਜੀ ਮੁਲਕ ਦੇ ਵਿੱਚ ਜਾ ਸਕਦੇ ਨੇ ਉਹਨਾਂ ਨੂੰ ਕਦੇ ਕੋਈ ਨਹੀਂ ਰੋਕਦਾ । ਉਹਨਾਂ ਨੂੰ ਅਸਾਨੀ ਦੇ ਨਾਲ ਵੀਜ਼ਾ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਰੂਰ ਟ੍ਰੈਵਲ ਕਰਨਾ ਚਾਹੀਦਾ ਹੈ। ਇਹ ਜ਼ਿੰਦਗੀ ਦਾ ਹਿੱਸਾ ਹੈ, ਵਿਦੇਸ਼ੀ ਲੋਕ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਘੁੰਮਦੇ ਹਨ ਤਾਂ ਅਸੀਂ ਕਿਉਂ ਨਹੀਂ ਘੁੰਮ ਸਕਦੇ। ਉਨ੍ਹਾਂ ਕਿਹਾ ਕਿ ਪੰਜ ਲੱਖ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਵੀ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮਦੇ ਰਹਿਣਗੇ।