ਲੁਧਿਆਣਾ: ਪੰਜਾਬ ਪੁਲਿਸ ਅਕਸਰ ਹੀ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਧੱਕੇਸ਼ਾਹੀਆਂ ਦੇ ਚੱਲਦੇ ਵਿਵਾਦਾਂ ‘ਚ ਰਹਿੰਦੀ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਹੀ ਇੱਕ ਡੀਐਸਪੀ ਵੱਲੋਂ ਇੱਕ ਵਿਅਕਤੀ ਨੂੰ ਕਥਿਤ ਰੂਪ ਨਾਲ ਧਮਕਾਉਣ ਅਤੇ ਭੱਦੀ ਸ਼ਬਦਾਵਲੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਅਧੀਨ ਆਉਂਦੇ ਭਾਮੀਆਂ ਰੋਡ, ਮੂੰਡੀਆਂ ਕਲਾਂ ਵਾਸੀ ਸਾਹਿਲ ਸਲੂਜਾ ਪੁੱਤਰ ਬਾਲ ਕ੍ਰਿਸ਼ਨ ਸਲੂਜਾ ਨੇ ਦੱਸਿਆ ਕਿ ਉਸਨੇ ਲੌਕਡਾਊਨ ਤੋਂ ਪਹਿਲਾਂ ਭਾਮੀਆਂ ਖੁਰਦ ਨਿਵਾਸੀ ਸ਼ੰਮੀ ਪੰਪ ਦੇ ਮਾਲਕ ਜੋ ਐਸਐਸ ਫਾਇਨਾਂਸ ਅਤੇ ਆਰਐਸ ਫਾਇਨਾਂਸ ਨਾਂ ਦੀ ਫਾਇਨਾਂਸ ਕੰਪਨੀ ਚਲਾਉਂਦੇ ਹਨ ਕੋਲੋਂ ਕਰੀਬ 70 ਹਜ਼ਾਰ ਰੁਪਏ ਉਧਾਰ ’ਤੇ ਲਏ ਸੀ।
ਪਰ ਬਾਅਦ ’ਚ ਕੋਰੋਨਾ ਸੰਕਟ ਦੇ ਕਾਰਨ ਉਸਦੀ ਨੌਕਰੀ ਚਲੀ ਗਏ ਅਤੇ ਉਹ 4-5 ਕਿਸ਼ਤਾਂ ਤੋਂ ਬਾਅਦ ਅੱਗੇ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ। ਜਿਸ ਕਾਰਨ ਸ਼ੰਮੀ, ਉਸਦੀ ਪਾਰਟਨਰ ਅਤੇ ਦਫਤਰ ਦੀ ਇੱਕ ਮੈਡਮ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ 70 ਹਜ਼ਾਰ ਨੂੰ ਢਾਈ ਲੱਖ ਦੀ ਵੱਡੀ ਰਕਮ ’ਚ ਬਦਲ ਦਿੱਤਾ। ਇਸ ਤੋਂ ਬਾਅਦ ਉਸਨੂੰ ਡੀ.ਐਸ.ਪੀ. ਸੁਰਿੰਦਰ ਬਾਂਸਲ ਦਾ ਫੋਨ ਆਉਣਾ ਸ਼ੁਰੂ ਹੋ ਗਿਆ।