ਲੁਧਿਆਣਾ:ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ (Joint candidate of Shiromani Akali Dal and BSP) ਐੱਸ.ਆਰ. ਕਲੇਰ ਨੇ ਸਥਾਨਕ ਰਾਣੀਂ ਝਾਂਸੀ ਚੌਂਕ ਵਿੱਚ ਹੋਏ ਵਿਸ਼ਾਲ ਇਕੱਠ ਦੌਰਾਨ ਜਨਤਿਕ ਤੌਰ 'ਤੇ ਵਿਕਾਸ ਕਾਰਜਾਂ ਦੀ ਲੰਮੀ ਲਿਸਟ ਅੱਗੇ ਰੱਖਦਿਆਂ ਹਲਕੇ ਦੇ ਵਿਕਾਸ ਦੀ ਭਵਿੱਖੀ ਯੋਜਨਾਬੰਦੀ ਦੀ ਸੂਚੀ ਜਨਤਿਕ ਕਰ ਦਿੱਤੀ। ਇਸ ਮੌਕੇ ਕਲੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਤੋਂ ਹੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਵਿਧਾਇਕ ਬਣਨ ਉਪਰੰਤ ਇਹ ਕੰਮ ਪਹਿਲ ਦੇ ਅਧਾਰ'ਤੇ ਕੀਤੇ ਜਾਣਗੇ।
ਇਸ ਮੌਕੇ ਕਲੇਰ ਨੇ ਕਿਹਾ ਕਿ ਪ੍ਰਮੱਖ ਤੌਰ 'ਤੇ 10 ਨੁਕਾਤੀ ਪ੍ਰੋਗਰਾਮ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਹੈ ਅਤੇ ਇਹ ਚੋਣ ਮਨੋਰਥ ਪੱਤਰ (Election Manifesto) ਹੀ ਉਨ੍ਹਾਂ ਦਾ ਹਲਫ਼ਨਾਮਾ ਹੋਵੇਗਾ। ਉਨ੍ਹਾਂ ਵਿਕਾਸ ਦੇ ਏਜੰਡੇ 'ਤੇ ਭਵਿੱਖ ਦੀ ਤਜ਼ਵੀਜ ਸਾਂਝੀ ਕਰਦਿਆਂ ਕਿਹਾ ਕਿ ਕਮਲ ਚੌਂਕ ਵਿੱਚ ਮੀਂਹ ਦੇ ਪਾਣੀ ਦੀ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਹੋਵੇਗੀ।
ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨ ਲਈ ਵਿਸ਼ਾਲ ਖੇਡ ਸਟੇਡੀਅਮ ਦਾ ਨਿਰਮਾਣ ਹੋਵੇਗਾ। ਇਸ ਦੌਰਾਨ ਕਲੇਰ ਨੇ ਰੇਹੜੀ ਫੜ੍ਹੀ ਅਤੇ ਆਟੋ ਟੈਕਸੀ ਚਾਲਕਾਂ ਲਈ ਵੱਡਾ ਰਾਹਤ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਡੰਗ ਦੀ ਡੰਗ ਕਮਾ ਕੇ ਢਿੱਡ ਭਰਨ ਵਾਲੇ ਰੇਹੜੀ ਫੜ੍ਹੀ, ਆਟੋ ਤੇ ਟੈਕਸੀ ਚਾਲਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਕੀਤੇ ਜਾਣਗੇ ਅਤੇ ਨਾਲ-ਨਾਲ ਨਜਾਇਜ਼ ਵਸੂਲੀ ਵੀ ਬੰਦ ਕਰਵਾਈ ਜਾਵੇਗੀ।