ਅਕਾਲੀ ਦਲ ਨੇ ਆਪ ਉੱਤੇ ਲਗਾਏ ਇਲਜ਼ਾਮ ਖੰਨਾ:ਬੀਤੇ ਕੁਝ ਦਿਨਾਂ ਤੋਂ ਖੰਨਾ ਨਗਰ ਕੌਂਸਲ ਵਿਚ ਅੰਦਰੋਂ ਅੰਦਰ ਚਲ ਰਹੀ ਸਿਆਸਤ ਹੁਣ ਬਾਹਰ ਜੱਗ ਜ਼ਾਹਿਰ ਹੋ ਗਈ ਹੈ। ਸਿਆਸੀ ਪਾਰਟੀਆਂ ਇੱਕ ਦੂਜੇ ਉੱਤੇ ਇਲਜ਼ਾਮ ਬਾਜ਼ੀਆਂ ਕਰ ਰਹੀਆਂ ਹਨ। ਦਰਅਸਲ ਮਾਮਲਾ ਖੰਨਾ ਨਗਰ ਕੌਂਸਲ ਵਿਚ ਕਰੀਬ 17 ਕਰੋੜ ਰੁਪਏ ਦੇ ਹੋਏ ਟੈਂਡਰਾਂ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਸ ਉੱਤੇ ਸਿਆਸਤ ਗਰਮਾ ਗਈ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਟੈਂਡਰ ਪ੍ਰਣਾਲੀ ਪਿੱਛੇ ਇੱਕ ਵੱਡਾ ਘਪਲਾ ਹੋਣ ਦਾ ਖਦਸ਼ਾ ਜਤਾਉਂਦੇ ਹੋਏ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਤਾਂ ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਅਕਾਲੀ ਦਲ ਨੂੰ ਵਿਕਾਸ ਦੇ ਰਾਹ 'ਚ ਰੁਕਾਵਟ ਦੱਸਿਆ।
ਹਾਈਕੋਰਟ ਵੱਲੋਂ ਜਵਾਬ ਮੰਗਿਆ: ਨਗਰ ਕੌਂਸਲ ਖੰਨਾ ਵੱਲੋਂ ਬੀਤੇ ਦਿਨੀਂ ਸ਼ਹਿਰ ਦੇ 66 ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਕਰੀਬ 17 ਕਰੋੜ ਰੁਪਏ ਦੀ ਲਾਗਤ ਵਾਲੇ ਟੈਂਡਰ ਲਾਏ ਗਏ ਸੀ। ਜਿਸਦੀ ਪ੍ਰਕਿਰਿਆ ਹਾਲੇ ਪੂਰੀ ਹੋਣੀ ਸੀ। ਇਹਨਾਂ ਟੈਂਡਰਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ। ਜਿਸ ਵਿੱਚ ਅਕਾਲੀ ਦਲ ਨੇ ਟੈਂਡਰ ਪ੍ਰਣਾਲੀ 'ਚ ਧਾਂਦਲੀਆਂ ਦਾ ਇਲਜ਼ਾਮ ਲਾਇਆ। ਇਸ ਰਿੱਟ ਪਟੀਸ਼ਨ 'ਚ ਹਾਈਕੋਰਟ ਵੱਲੋਂ ਸਬੰਧਤ ਨਗਰ ਕੌਂਸਲ ਤੋਂ ਜਵਾਬ ਮੰਗਿਆ ਗਿਆ ਸੀ। ਪ੍ਰੰਤੂ ਨਗਰ ਕੌਂਸਲ ਨੇ ਆਪਣੇ ਵਕੀਲ ਰਾਹੀਂ ਹਾਈਕੋਰਟ 'ਚ ਇਹ ਸਫ਼ਾਈ ਦਿੱਤੀ ਕਿ ਉਹ ਟੈਂਡਰ ਵਾਪਸ ਲੈ ਰਹੇ ਹਨ। ਜਿਸ ਉਪਰੰਤ ਟੈਂਡਰ ਰੱਦ ਕਰ ਦਿੱਤੇ ਗਏ ਹਨ।
17 ਕਰੋੜ ਦੇ ਟੈਂਡਰਾਂ 'ਚ ਘਪਲੇ ਦਾ ਖ਼ਦਸ਼ਾ :ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਟੈਂਡਰਾਂ ਪਿੱਛੇ ਵੱਡੇ ਘਪਲੇ ਦਾ ਖਦਸ਼ਾ ਜਤਾ ਕੇ ਮੁੱਖ ਮੰਤਰੀ ਪੰਜਾਬ ਕੋਲੋਂ ਵਿਜੀਲੈਂਸ ਜਾਂਚ ਕਰਾਉਣ ਦੀ ਮੰਗ ਕੀਤੀ। ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਨਗਰ ਕੌਂਸਲ ਨੇ ਪਹਿਲਾਂ ਕਰੀਬ 13 ਤੋਂ 14 ਕਰੋੜ ਰੁਪਏ ਦੇ ਟੈਂਡਰ ਲਾਏ ਸੀ ਪ੍ਰੰਤੂ ਬਾਅਦ ਚ ਕਟਿੰਗ ਕਰਕੇ ਇਹ ਰਕਮ 17 ਕਰੋੜ ਤੱਕ ਲਿਆਂਦੀ ਗਈ। ਜਿਸਤੋਂ ਸ਼ੱਕ ਪੈਦਾ ਹੋਇਆ ਕਿ ਇਹ ਇੱਕ ਤਰ੍ਹਾਂ ਦਾ ਘਪਲਾ ਹੈ। ਕਿਉਂਕਿ ਜਿਹੜੀ ਗਲੀ ਪਹਿਲਾਂ 10 ਲੱਖ ਰੁਪਏ ਚ ਬਣਾਈ ਜਾਣੀ ਸੀ ਉਸਦੀ ਲਾਗਤ ਬਾਅਦ ਚ ਕਟਿੰਗ ਕਰਕੇ 20 ਤੋਂ 25 ਲੱਖ ਰੁਪਏ ਬਣਾਈ ਗਈ। ਟੈਂਡਰਾਂ 'ਚ ਹੋਰ ਵੀ ਕਈ ਧਾਂਦਲੀਆਂ ਕੀਤੀਆਂ ਗਈਆਂ। ਜਿਸ ਕਾਰਨ ਉਹਨਾਂ ਨੇ ਹਾਈਕੋਰਟ ਚ ਚੁਣੌਤੀ ਦਿੱਤੀ ਸੀ।ਯਾਦਵਿੰਦਰ ਯਾਦੂ ਨੇ ਕਿਹਾ ਕਿ ਜੇਕਰ ਇੱਕ ਮਹੀਨੇ ਅੰਦਰ ਵਿਜੀਲੈਂਸ ਜਾਂਚ ਸ਼ੁਰੂ ਕਰਾ ਕੇ ਘਪਲਾ ਉਜਾਗਰ ਨਾ ਕੀਤਾ ਗਿਆ ਤਾਂ ਉਹ ਮੁੜ ਹਾਈਕੋਰਟ ਦਾ ਰੁਖ ਕਰਨਗੇ।
ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ :ਉਥੇ ਹੀ ਦੂਜੇ ਪਾਸੇ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ 'ਚ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਤੋਂ ਪੁੱਛਿਆ ਸੀ ਤਾਂ ਕੌਂਸਲ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਕਿ ਪਹਿਲਾਂ ਐਸਟੀਮੇਟ ਕਾਫੀ ਪੁਰਾਣੇ ਸੀ। ਉਸ ਮਗਰੋਂ ਰਾਅ ਮਟੀਰੀਅਲ ਦੇ ਰੇਟ ਵੀ ਵਧ ਚੁੱਕੇ ਹਨ। ਇਸ ਕਰਕੇ ਜਿਹੜੇ ਰੇਟ ਰਿਵਾਈਜਡ ਹੋਏ ਹਨ, ਉਹਨਾਂ ਟੈਂਡਰਾਂ ਚ ਹੀ ਵਾਧਾ ਕੀਤਾ ਗਿਆ। ਪ੍ਰੰਤੂ, ਅਕਾਲੀ ਦਲ ਨੇ ਤਾਂ ਕੰਮ ਹੋਣ ਤੋਂ ਪਹਿਲਾਂ ਹੀ ਬਿਨ੍ਹਾਂ ਵਜ੍ਹਾ ਰੌਲ਼ਾ ਪਾ ਦਿੱਤਾ। ਅਕਾਲੀ ਦਲ ਕੋਲ ਹੋਰ ਕੋਈ ਮੁੱਦਾ ਨਹੀਂ ਰਿਹਾ ਹੈ। ਇਸ ਕਰਕੇ ਉਹ ਆਪਣੀ ਸਿਆਸੀ ਜ਼ਮੀਨ ਮੁੜ ਤਲਾਸ਼ ਰਹੇ ਹਨ।