ਲੁਧਿਆਣਾ: ਜਵੱਦੀ ਟਕਸਾਲ ਵਿਖੇ ਬਾਬਾ ਸੁੱਚਾ ਸਿੰਘ ਜਵੱਦੀ ਕਲਾਂ ਵਾਲਿਆਂ ਦੀ 18ਵੀਂ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਈ ਸਖਸ਼ੀਅਤਾਂ ਵੱਲੋਂ ਹਾਜ਼ਰੀ ਭਰੀ ਗਈ।
ਜਥੇਦਾਰ ਪਹੁੰਚੇ ਲੁਧਿਆਣਾ, ਢੱਡਰੀਆ ਵਾਲੇ ਤੇ ਸਰੂਪ ਚੋਰੀ 'ਤੇ ਬੋਲਣ ਤੋਂ ਕੀਤਾ ਇਨਕਾਰ ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਹਾਜ਼ਰੀ ਭਰੀ ਗਈ। ਉਨ੍ਹਾਂ ਨੇ ਦੱਸਿਆ ਕਿ ਜਵੱਦੀ ਕਲਾਂ ਟਕਸਾਲ ਵੱਲੋਂ ਤੰਤੀ ਸਾਜ਼ਾਂ ਵਿੱਚ ਗੁਰਮਿਤ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਿਆ ਕਿ ਟਕਸਾਲ ਵੱਲੋਂ 31 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਿਕਾਰਡ ਕੀਤੀ ਗਈ ਹੈ। ਟਕਸਾਲ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਅਤੇ ਸ਼ਲਾਘਾ ਦਾ ਪਾਤਰ ਹੈ।
ਜਦੋਂ ਪੱਤਰਕਾਰਾਂ ਵੱਲੋਂ ਢੱਡਰੀਆਂ ਵਾਲੇ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ ਉੱਤੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ। ਇਸ ਦੇ ਨਾਲ ਹੀ ਸਰੂਪ ਚੋਰੀ ਹੋਣ ਦੇ ਮਾਮਲੇ ਨੂੰ ਵੀ ਲੈ ਕੇ ਜਥੇਦਾਰ ਵੱਲੋਂ ਕੁੱਝ ਬੋਲਣ ਉੱਤੇ ਚੁੱਪੀ ਵੱਟੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੀ ਸੰਗਤ ਨੂੰ ਸਮੇਂ ਨਾਲ ਸਬੰਧਿਤ ਰਾਗ ਵਿੱਚ ਘੱਟੋ-ਘੱਟ ਇੱਕ ਸ਼ਬਦ ਗਾਇਣ ਕਰਨ ਦੀ ਅਪੀਲ ਵੀ ਕੀਤੀ।