ਖੰਨਾ : ਖੰਨਾ ਦੇ ਵਾਰਡ ਨੰਬਰ 7 ਦੇ ਰਿਹਾਇਸ਼ੀ ਇਲਾਕੇ ਵਿੱਚ ਕੂੜੇ ਦੇ ਡੰਪ ਨੂੰ ਲੈਕੇ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਰੋਸ ਮੁਜ਼ਾਹਰਾ ਕੀਤਾ ਹੈ। ਲੋਕਾਂ ਵੱਲੋਂ ਡੰਪ ਨਾ ਚੁੱਕੇ ਜਾਣ ਉਤੇ ਰੋਡ ਜਾਮ ਦਾ ਐਲਾਨ ਕੀਤਾ ਗਿਆ। ਕੂੜੇ ਦੀਆਂ ਟਰਾਲੀਆਂ ਭਰ ਕੇ ਨਗਰ ਕੌਂਸਲ ਬਾਹਰ ਢੇਰੀ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਓਥੇ ਹੀ ਨਗਰ ਕੌਂਸਲ ਪ੍ਰਧਾਨ ਉਪਰ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਇਲਜ਼ਾਮ ਲਾਏ ਗਏ ਹਨ। ਡੰਪ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਨ ਕਿ ਕਾਂਗਰਸ ਬਨਾਮ ਕਾਂਗਰਸ ਰੋਸ ਮੁਜ਼ਾਹਰਾ ਹੋ ਰਿਹਾ ਹੈ। ਇਸ ਮੁਜ਼ਾਹਰੇ 'ਚ ਕਾਂਗਰਸੀ ਕੌਂਸਲਰ ਨੀਰੂ ਰਾਣੀ ਦਾ ਪਤੀ ਸ਼ਾਮਲ ਹੋਇਆ ਜਿਸਨੇ ਆਪਣੀ ਪਾਰਟੀ ਦੀ ਕੌਂਸਲ ਖਿਲਾਫ ਹੀ ਰੋਡ ਜਾਮ ਦਾ ਐਲਾਨ ਕੀਤਾ।
ਸਮੱਸਿਆ ਦਾ ਹੱਲ ਨਾ ਹੋਣ ਉਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ :ਰਿਹਾਇਸ਼ੀ ਇਲਾਕੇ 'ਚ ਕੂੜੇ ਦੇ ਡੰਪ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਰੱਖਿਆ ਹੈ। ਬਹੁਤ ਦਿਨਾਂ ਤੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਲੋਕਾਂ ਨੇ ਅਪੀਲ ਕੀਤੀ ਗਈ, ਪਰ ਕਿਸੇ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਕੌਂਸਲਰ ਵੀ ਨਗਰ ਕੌਂਸਲ ਤੋਂ ਤੰਗ ਆਏ ਤਾਂ ਗੱਲ ਰੋਸ ਮੁਜ਼ਾਹਰੇ ਤਕ ਪਹੁੰਚ ਗਈ। ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਖਿਲਾਫ ਰੋਸ ਮੁਜ਼ਾਹਰਾ ਕੀਤਾ। ਨਗਰ ਕੌਂਸਲ ਪ੍ਰਧਾਨ ਉਪਰ ਕੂੜੇ ਦੇ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਦੋਸ਼ ਤੱਕ ਲਾਏ ਗਏ ਹਨ। ਗਗਨਦੀਪ ਕੌਰ ਕਾਲੀਰਾਓ ਨੇ ਕਿਹਾ ਕਿ ਇੱਥੋਂ ਤਾਂ ਲੰਘਣਾ ਮੁਸ਼ਕਲ ਹੋ ਗਿਆ ਹੈ। ਚਾਰੇ ਪਾਸੇ ਬਦਬੂ ਫੈਲੀ ਰਹਿੰਦੀ ਹੈ। ਬੀਮਾਰੀਆਂ ਲੱਗ ਰਹੀਆਂ ਹਨ, ਪਰ ਕੂੜੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜੇਕਰ ਇਸਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ।