ਲੁਧਿਆਣਾ: ਭਾਰਤ ਸਰਕਾਰ ਵੱਲੋਂ ਬੀਤੇ ਦਿਨੀਂ ਚਾਈਨੀਜ਼ ਐਪਸ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਵਿੱਚ ਟਿਕ-ਟੌਕ ਵੀ ਸ਼ਾਮਿਲ ਹੈ। ਇਸ ਮੌਕੇ ਲੁਧਿਆਣਾ ਪਹੁੰਚੀ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਟਿਕ-ਟੌਕ ਨੂਰ ਨੇ ਦੱਸਿਆ ਕਿ ਹੁਣ ਉਸ ਦੀਆਂ ਵੀਡੀਓਜ਼ ਇੰਸਟਾਗ੍ਰਾਮ ਅਤੇ ਯੂ-ਟਿਊਬ 'ਤੇ ਵੇਖਣ ਨੂੰ ਮਿਲਣਗੀਆਂ। ਦੱਸ ਦਈਏ ਕਿ ਨੂਰ ਆਪਣੇ ਪਰਿਵਾਰ ਨਾਲ ਲੁਧਿਆਣਾ ਦੇ ਇੱਕ ਮਸ਼ਹੂਰ ਡਿਜ਼ਾਇਨਰ ਕੋਲ ਪਹੁੰਚੀ ਸੀ।
ਇਸ ਮੌਕੇ ਨੂਰ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਵੀ ਅਪੀਲ ਕੀਤੀ ਅਤੇ ਮਾਸਕ ਲਾ ਕੇ ਰੱਖਣ ਲਈ ਕਿਹਾ। ਇਸ ਦੌਰਾਨ ਨੂਰ ਨੇ ਆਪਣੀਆਂ ਵੀਡੀਓਜ਼ ਦੇ ਵਿੱਚ ਦਿੱਤੇ ਜਾਣ ਵਾਲੇ ਕੁੱਝ ਫੇਸ ਐਕਸਪ੍ਰੈਸ਼ਨ ਵੀ ਦਿਖਾਏ।
ਨੂਰ ਦੇ ਪਿਤਾ ਸਤਨਾਮ ਸਿੰਘ ਵੀ ਉਸ ਦੇ ਨਾਲ ਲੁਧਿਆਣਾ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕਿਹਾ ਕਿ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਾਨ ਵੀ ਬਣ ਰਿਹਾ ਹੈ, ਲੈਂਟਰ ਪੈ ਗਿਆ ਹੈ ਅਤੇ ਕੁੱਝ ਦਿਨਾਂ 'ਚ ਪੂਰਾ ਮਕਾਨ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ: ਟਿਕ-ਟੌਕ ਪ੍ਰੇਮੀਆਂ ਲਈ ਐਪ ਤੋਂ ਪਹਿਲਾਂ ਦੇਸ਼ ਪ੍ਰੇਮ
ਜ਼ਿਕਰੇ-ਖ਼ਾਸ ਹੈ ਕਿ ਟਿਕ ਟੌਕ ਐਪ ਤੋਂ ਨੂਰ ਕਾਫੀ ਮਸ਼ਹੂਰ ਹੋਈ ਸੀ। ਬੀਤੇ ਦਿਨੀਂ ਉਸ ਨੇ ਪੰਜਾਬ ਪੁਲਿਸ, ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਨਾਲ ਵੀ ਆਪਣੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਣ ਦੀ ਅਪੀਲ ਕਰਦੀ ਵਿਖਾਈ ਦੇ ਰਹੀ ਸੀ। ਬੇਹੱਦ ਗ਼ਰੀਬ ਘਰ ਦੀ ਇਹ ਬੱਚੀ ਨੂਰ ਮੁੰਡੇ ਦੇ ਪਹਿਰਾਵੇ ਦੇ ਵਿੱਚ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪਾਉਂਦੀ ਰਹਿੰਦੀ ਹੈ।