ਸੁਨੀਲ ਜਾਖੜ ਦੀ ਕਾਰਗੁਜ਼ਾਰੀ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ ਲੁਧਿਆਣਾ: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਵਿੱਚ ਵੱਡੇ ਸਿਆਸੀ ਸਮੀਕਰਨ ਬਦਲਦੇ ਹੋਏ ਵਿਖਾਈ ਦੇ ਰਹੇ ਹਨ। 2022 ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਐਮ.ਐਲ.ਏ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿੱਚੋਂ ਹੁਣ ਕਈਆਂ ਦੀ ਘਰ ਵਾਪਸੀ ਹੋ ਰਹੀ ਹੈ। ਇਨ੍ਹਾਂ ਵਿੱਚ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਸਾਬਕਾ ਮੰਤਰੀ ਬਲਵੀਰ ਸਿੱਧੂ, ਸਾਬਕਾ ਐਮ.ਐਲ.ਏ ਮਹਿੰਦਰ ਰਿਣਵਾ, ਗੁਰਪ੍ਰੀਤ ਕਾਂਗੜ ਅਤੇ ਹੰਸਰਾਜ ਜੋਸ਼ਨ ਸ਼ਾਮਿਲ ਹਨ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 20 ਅਕਤੂਬਰ ਅੱਜ ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਵਿਖੇ ਮੁੜ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਉਣਗੇ। ਹਾਲਾਂਕਿ ਇਹਨਾਂ ਪੰਜਾਂ ਆਗੂਆਂ ਦੀ ਪਹਿਲਾਂ ਦਿੱਲੀ ਦੇ ਵਿੱਚ ਕਾਂਗਰਸ ਦੇ ਅੰਦਰ ਐਂਟਰੀ ਹੋਣੀ ਸੀ, ਪਰ ਕਿਸੇ ਕਾਰਨਾਂ ਕਰਕੇ ਹੁਣ 20 ਅਕਤੂਬਰ ਦਾ ਦਿਨ ਮੁਕਰਰ ਕੀਤਾ ਗਿਆ ਹੈ। ਇਹਨਾਂ ਸਾਰੇ ਹੀ ਆਗੂਆਂ ਨੇ ਆਪੋ ਆਪਣੇ ਭਾਜਪਾ ਛੱਡਣ ਦੇ ਵੱਖੋ-ਵੱਖਰੇ ਤਰਕ ਦਿੱਤੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਝਟਕਾ:ਭਾਜਪਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਏ, ਇਹਨਾਂ ਆਗੂਆਂ ਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਸੀ, ਭਾਜਪਾ ਦੇ ਪੰਜਾਬ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਰਾਜਕੁਮਾਰ ਵੇਰਕਾ ਨੂੰ ਪੰਜਾਬ ਦਾ ਉਪ ਪ੍ਰਧਾਨ ਬਣਾਇਆ ਗਿਆ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਇਹਨਾਂ ਨੂੰ ਥਾਂ ਦਿੱਤੀ ਗਈ, ਪਰ ਇਸ ਦੇ ਬਾਵਜੂਦ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਤਾਂ ਉਹਨਾਂ ਦੇ ਆਪਣੇ ਕਾਰਨ ਹੋ ਸਕਦੇ ਹਨ। ਹਾਲਾਂਕਿ ਭਾਜਪਾ ਜ਼ਰੂਰ ਦਾਅਵਾ ਕਰ ਰਹੀ ਹੈ ਕਿ 2024 ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਅੰਦਰ ਇਹਨਾਂ ਦਲ ਬਦਲੀਆਂ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਆਗੂ ਭਾਜਪਾ ਛੱਡ ਕੇ ਗਏ ਹਨ, ਉਹ ਟਿਕਟਾਂ ਦੇ ਵੀ ਲੋਕ ਸਭਾ ਚੋਣਾਂ ਦੇ ਦੌਰਾਨ ਆਪੋ ਆਪਣੇ ਲੋਕ ਸਭਾ ਹਲਕੇ ਤੋਂ ਚਾਹਵਾਨ ਸਨ।
ਭਾਜਪਾ ਛੱਡਣ ਦੇ ਤਰਕ:ਕਾਂਗਰਸ ਵਿੱਚ ਸ਼ਾਮਿਲ ਹੋਏ ਆਗੂਆਂ ਵੱਲੋਂ ਪਾਰਟੀ ਛੱਡਣ ਦੇ ਆਪੋ-ਆਪਣੇ ਤਰਕ ਦੱਸੇ ਗਏ ਹਨ। ਰਾਜਕੁਮਾਰ ਵੇਰਕਾ ਨੇ ਪਾਰਟੀ ਛੱਡਣ ਦਾ ਸਭ ਤੋਂ ਵੱਡਾ ਕਾਰਨ ਰਾਹੁਲ ਗਾਂਧੀ ਦੀ ਅਗਵਾਈ ਨੂੰ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਭਾਜਪਾ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਜੇਕਰ ਸਾਰੇ ਧਰਮਾਂ ਨੂੰ ਕੋਈ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਤਾਂ ਉਹ ਕਾਂਗਰਸ ਪਾਰਟੀ ਹੀ ਹੈ, ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ।
'ਭਾਜਪਾ ਪੰਜਾਬ ਦੇ ਹਿੱਤਾਂ ਦੀ ਨਹੀਂ ਗੱਲ ਕਰਦੀ':ਦੂਜੇ ਪਾਸੇ ਗੁਰਪ੍ਰੀਤ ਕਾਂਗੜ ਦਾ ਕਹਿਣਾ ਹੈ ਕਿ ਐਸ.ਵਾਈ.ਐਲ ਕਾਰਨ ਜੋ ਭਾਜਪਾ ਫੈਸਲੇ ਲੈ ਰਹੀ ਹੈ, ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਵੀਜ਼ੇ ਦੀ ਜੋ ਦਿੱਕਤ ਆ ਰਹੀ ਹੈ, ਪੰਜਾਬ ਦੇ ਹਿੱਤਾਂ ਦੀ ਭਾਜਪਾ ਗੱਲ ਨਹੀਂ ਕਰ ਰਹੀ, ਜਿਸ ਕਰਕੇ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਤੇ ਘਰ ਵਾਪਸੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਕਾਂਗਰਸੀ ਸੀ ਅਤੇ 2022 ਚੋਣਾਂ ਤੋਂ ਬਾਅਦ ਉਹਨਾਂ ਨੇ ਪਾਰਟੀ ਜ਼ਰੂਰ ਛੱਡੀ ਸੀ, ਪਰ ਹੁਣ ਮੁੜ ਤੋਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਜਾ ਰਹੇ ਹਨ, ਉਹਨਾਂ ਕਿਹਾ ਕਿ ਮੇਰੇ ਤੋਂ ਗਲਤੀ ਜ਼ਰੂਰ ਹੋਈ ਸੀ।
20 ਅਕਤੂਬਰ ਨੂੰ ਜੁਆਇਨਿੰਗ:ਦੱਸ ਦਈਏ ਕਿ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਅਹਿਮ ਮੀਟਿੰਗ ਰੱਖੀ ਗਈ ਸੀ, ਚੰਡੀਗੜ੍ਹ ਪਾਰਟੀ ਦਫ਼ਤਰ ਵਿੱਚ ਉਨ੍ਹਾਂ ਨੂੰ ਮੁੜ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਜਾਵੇਗੀ। ਘਰ ਵਾਪਸੀ ਕਰ ਰਹੇ ਆਗੂਆਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ, ਜੀਤ ਮੋਹਿੰਦਰ ਦਾ ਵਿਰੋਧ ਹੋ ਰਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਮੀਟਿੰਗ ਵਿੱਚ ਲਈ ਆਗੂਆਂ ਨੇ ਸਵਾਲ ਖੜੇ ਕੀਤੇ ਹਨ ਕਿ ਜਿਸ ਤਰ੍ਹਾਂ ਇਹ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਹੁਣ ਮੁੜ ਤੋਂ ਭਾਜਪਾ ਤੋਂ ਕਾਂਗਰਸ ਦੇ ਵਿੱਚ ਆ ਰਹੇ ਹਨ, ਇਹਨਾਂ ਉੱਤੇ ਲੰਬੇ ਸਮੇਂ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਥੋੜੇ ਸਮੇਂ ਲਈ ਪਾਰਟੀ ਨੂੰ ਇਸ ਦਾ ਫਾਇਦਾ ਜ਼ਰੂਰ ਹੋ ਸਕਦਾ ਹੈ, ਪਰ ਲੰਬੇ ਸਮੇਂ ਲਈ ਇਸਦਾ ਨੁਕਸਾਨ ਵੀ ਭੁਗਤਣਾ ਪੈ ਸਕਦਾ ਹੈ, ਇਸ ਸਬੰਧੀ ਇੱਕ ਸਕਰੀਨਿੰਗ ਕਮੇਟੀ ਦਾ ਵੀ ਗਠਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਸੁਨੀਲ ਜਾਖੜ ਉੱਤੇ ਸਵਾਲ:ਹਾਲਾਂਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਬੀਤੇ ਦਿਨੀਂ ਪੰਜਾਬ ਇਕਾਈ ਦੀ ਸੂਚੀ ਵਿੱਚ ਕਾਂਗਰਸ ਅਤੇ ਅਕਾਲੀ ਦਲ ਤੋਂ ਅਤੇ ਲੀਡਰਾਂ ਨੂੰ ਤਵੱਜੋ ਦਿੱਤੀ ਗਈ ਸੀ, 21 ਕੌਰ ਕਮੇਟੀ ਦੇ ਮੈਂਬਰਾਂ ਵਿੱਚ 8 ਕਾਂਗਰਸ ਅਤੇ 3 ਅਕਾਲੀ ਦਲ ਨਾਲ ਸਬੰਧਿਤ ਸਨ, ਜਿਸ ਦਾ ਭਾਜਪਾ ਕਿਸਾਨ ਵਿੰਗ ਦੇ ਆਗੂ ਨੇ ਵਿਰੋਧ ਕੀਤਾ ਸੀ। ਪਰ ਹੁਣ ਇਸ ਤਰਾਂ ਇਨ੍ਹਾਂ ਆਗੂਆਂ ਦਾ ਭਾਜਪਾ ਛੱਡ ਕੇ ਮੁੜ ਤੋਂ ਘਰ ਵਾਪਸੀ ਭਾਜਪਾ ਲਈ ਅਤੇ ਖਾਸ ਕਰਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸੁਨੀਲ ਜਾਖੜ ਨੇ ਆਪਣੇ ਪੁਰਾਣੇ ਸਾਥੀਆਂ ਉੱਤੇ ਵਿਸ਼ਵਾਸ ਜਿਤਾਉਂਦੇ ਹੋਏ, ਭਾਜਪਾ ਦੀ ਪੰਜਾਬ ਕਾਰਜਕਾਰਨੀ ਦੀ ਕਮੇਟੀ ਵਿੱਚ ਉਹਨਾਂ ਨੂੰ ਉੱਚ ਅਹੁਦਿਆਂ ਦੇ ਨਾਲ ਨਿਵਾਜਿਆ ਸੀ। ਪਰ 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹਨਾਂ ਆਗੂਆਂ ਵੱਲੋਂ ਭਾਜਪਾ ਦਾ ਸਾਥ ਛੱਡਣਾ ਸੁਨੀਲ ਜਾਖੜ ਦੇ ਵੱਲ ਉਂਗਲੀਆਂ ਖੜੀਆਂ ਕਰ ਰਿਹਾ ਹੈ।
ਵਿਰੋਧੀਆਂ ਨੇ ਸਾਧੇ ਨਿਸ਼ਾਨੇ: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹਨਾਂ ਆਗੂਆਂ ਵੱਲੋਂ ਭਾਜਪਾ ਦਾ ਪੱਲਾ ਛੱਡ ਮੁੜ ਘਰ ਵਾਪਸੀ ਕਰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਸ ਤਰ੍ਹਾਂ ਲੀਡਰਾਂ ਵੱਲੋਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣਾ ਅਤੇ ਫਿਰ ਮੁੜ ਵਾਪਸ ਪਾਰਟੀ ਵਿੱਚ ਆ ਜਾਣਾ ਜਨਤਾ ਨੂੰ ਰਾਸ ਨਹੀਂ ਆਉਂਦਾ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਚੋਣਾਂ ਆਉਂਦਿਆਂ ਹੀ ਇਹ ਲੋਕ ਦਲ ਬਦਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ, ਇਹਨਾਂ ਨੂੰ ਸਿਰਫ ਸੀਟ ਤੱਕ ਹੀ ਮਸਲਾ ਹੁੰਦਾ ਹੈ, ਉਸ ਤੋਂ ਬਾਅਦ ਪਾਰਟੀਆਂ ਬਦਲਣੀਆਂ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ।