ਖੰਨਾ:ਖੰਨਾ ਸ਼ਹਿਰ ਵਿਚ ਬੀਤੇ ਦਿਨ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਇਸ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪਰਿਵਾਰਿਕ ਮੈਂਬਰਾਂ ਨੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ।ਉਸਦੇ ਰਿਸ਼ਤੇਦਾਰਾਂ ਨੇ ਹਸਪਤਾਲ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਗੁੱਸੇ 'ਚ ਆਏ ਕੁਝ ਰਿਸ਼ਤੇਦਾਰਾਂ ਨੇ ਹਸਪਤਾਲ ਵਿੱਚ ਭੰਨਤੋੜ ਕੀਤੀ ਅਤੇ ਗੇਟ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਸਥਿਤੀ ਨੂੰ ਵਿਗੜਦੀ ਵੇਖ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ।
ਇਲਾਜ ਦੌਰਾਨ ਲਾਪਰਵਾਹੀ ਨਾਲ ਹੋਈ ਮੌਤ : ਜਾਣਕਾਰੀ ਮੁਤਾਬਿਕ ਖੰਨਾ ਦੇ ਮਾਡਲ ਟਾਊਨ ਵਿਖੇ ਰਹਿਣ ਵਾਲੇ ਸਤਨਾਮ ਸਿੰਘ (55) ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਵੀ ਇਥੇ ਇਲਾਜ ਲਈ ਪਹੁੰਚੇ ਤਾਂ ਡਾਕਟਰਾਂ ਨੇ ਅਪ੍ਰੇਸ਼ਨ ਲਈ ਕਿਹਾ। ਪਰਿਵਾਰ ਨੇ ਸਾਰੀਆਂ ਫਾਰਮੇਲਟੀਆਂ ਪੂਰੀਆਂ ਕੀਤੀਆਂ ਅਤੇ ਸਤਨਾਮ ਸਿੰਘ ਦਾ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਸਤਨਾਮ ਸਿੰਘ ਦੇ ਪੁੱਤਰ ਸੰਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਸਵੇਰੇ 11 ਵਜੇ ਦੇ ਕਰੀਬ ਖੰਨਾ ਨਰਸਿੰਗ ਹੋਮ ਲੈ ਕੇ ਆਇਆ ਸੀ। ਉਹਨਾਂ ਕੋਲੋਂ 11 ਹਜ਼ਾਰ ਰੁਪਏ ਐਡਵਾਂਸ ਜਮ੍ਹਾ ਕਰਵਾਏ ਗਏ ਸੀ।ਇਸਦੇ ਨਾਲ ਹੀ ਆਯੂਸ਼ਮਾਨ ਕਾਰਡ ਵੀ ਲਿਆ ਗਿਆ। ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਦੋ-ਤਿੰਨ ਸਟੰਟ ਪੈਣਗੇ। ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਜਿਸਤੋਂ ਬਾਅਦ ਪਰਿਵਾਰ ਸਟੰਟ ਪਾਉਣ ਲਈ ਰਾਜੀ ਹੋਇਆ ਸੀ। ਸੰਨੀ ਦਾ ਦੋਸ਼ ਹੈ ਕਿ ਉਸਦੇ ਪਿਤਾ ਬਿਲਕੁਲ ਠੀਕ ਸਨ। ਇਲਾਜ 'ਚ ਇੰਨੀ ਲਾਪਰਵਾਹੀ ਕੀਤੀ ਗਈ ਕਿ ਉਸਦੇ ਪਿਤਾ ਦੀ ਜਾਨ ਚਲੀ ਗਈ।