ਲੁਧਿਆਣਾ:ਰਾਏਕੋਟ ਸਬ-ਡਵੀਜ਼ਨ 'ਚ ਲਗਾਤਾਰ ਕੋਰੋਨਾ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ। 10 ਦਿਨਾਂ 'ਚ 146 ਦੇ ਕਰੀਬ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਸਦੇ ਚੱਲਦੇ ਹੀ ਰਾਏਕੋਟ ਪੁਲਿਸ ਵੱਲੋਂ ਰਾਏਕੋਟ ਸ਼ਹਿਰ ਦੇ ਪ੍ਰਮੁੱਖ ਚੌਂਕਾਂ ‘ਤੇ ਬਾਜ਼ਾਰਾਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਸ਼ਹਿਰ ਤੇ ਪਿੰਡਾਂ ਵਿੱਚ ਫਲੈਗ ਮਾਰਚ ਤੇ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲੌਕਡਾਊਨ ਦੀ ਪਾਲਣਾ ਲਈ ਜਾਗਰੂਕ ਕੀਤਾ ਜਾ ਸਕੇ।
ਕੋਰੋਨਾ ਦੌਰਾਨ ਪ੍ਰਸ਼ਾਸਨ ਸਖ਼ਤ
ਉੱਥੇ ਹੀ ਸਿਵਲ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਇਸ ਸਬੰਧੀ ਰਾਏਕੋਟ ਸਬ-ਡਵੀਜ਼ਨ ਦੇ ਐਸਡੀਐਮ ਡਾ. ਹਿਮਾਂਸ਼ੂ ਗੁਪਤਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਕੋਵਿਡ ਮਹਾਮਾਰੀ ਦੀ ਰੋਕਥਾਮ ਤੇ ਬਚਾਅ ਲਈ ਕੀਤੇ ਪ੍ਰਬੰਧਾਂ ਲਈ ਵੀ ਜਾਣਕਾਰੀ ਹਾਸਲ ਕੀਤੀ ਗਈ।
'ਪਿੰਡਾਂ ‘ਚ ਵੀ ਫੈਲਿਆ ਕੋਰੋਨਾ'
ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਪਾਜ਼ੀਟਿਵ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ 10 ਦਿਨਾਂ 'ਚ 146 ਐਕਟਿਵ ਕੇਸ ਸਾਹਮਣੇ ਆਏ ਹਨ, ਸਗੋਂ ਪਿੰਡਾਂ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ ਕਾਫ਼ੀ ਵਧ ਰਹੀ ਹੈ। ਸੁਧਾਰ ਬਲਾਕ ਦੇ ਪਿੰਡਾਂ ਵਿੱਚ 100 ਦੇ ਕਰੀਬ ਪਾਜ਼ੀਟਿਵ ਕੇਸ ਆ ਚੁੱਕੇ ਹਨ, ਜਦਕਿ ਲੋਕਾਂ ਦੇ ਮਨਾ ਵਿੱਚ ਗਲਤ ਫਹਿਮੀ ਹੈ ਕਿ ਕੋਰੋਨਾ ਮਹਾਮਾਰੀ ਸ਼ਹਿਰਾਂ 'ਚ ਜਿਆਦਾ ਫੈਲਦੀ ਹੈ ਅਤੇ ਪਿੰਡਾਂ ਵਿੱਚ ਘੱਟ ਫੈਲਦੀ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟੈਸਟਿੰਗ ਦੀ ਅਪੀਲ
ਐਸਡੀਐਮ ਨੇ ਦੱਸਿਆ ਕਿ ਸਬ- ਡਵੀਜ਼ਨ ਰਾਏਕੋਟ ਵਿੱਚ ਐਮਰਜੈਂਸੀ ਹਾਲਾਤਾਂ ਦੌਰਾਨ ਸਰਕਾਰੀ ਹਸਪਤਾਲ ਰਾਏਕੋਟ, ਸੁਧਾਰ ਤੇ ਪੱਖੋਵਾਲ ਵਿਚਲਾ ਸਟਾਫ ਐਮਰਜੈਂਸੀ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਮਰੀਜ਼ ਨੂੰ ਮੁੱਢਲੀ ਸਿਹਤ ਸਹੂਲਤ ਮੁਹੱਈਆ ਕਰਵਾ ਕੇ ਮਰੀਜ਼ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ ਜਾਂਦਾ ਹੈ ਜਿਥੇ ਮਾਹਿਰ ਡਾਕਟਰ ਉਨ੍ਹਾਂ ਦਾ ਇਲਾਜ਼ ਕਰਦੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਨੂੰ ਵੀ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਪ੍ਰਸਾਸ਼ਨ ਨਾਲ ਸੰਪਰਕ ਕਰਨ ਅਤੇ ਆਪਣੇ ਕੋਵਿਡ ਟੈਸਟ ਜਰੂਰ ਕਰਵਾਉਣ
ਇਹ ਵੀ ਪੜੋ:ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਸਖ਼ਤ