ਲੁਧਿਆਣਾ:ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਬੇਸ਼ੱਕ ਪੁਲਿਸ ਕਾਨੂੰਨ ਵਿਵਸਥਾ ਸਹੀ ਕਰਨ ਦੇ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਦੀ ਵਾਰਦਾਤ ਉਨ੍ਹਾਂ ਦਾਅਵਿਆਂ ਨੂੰ ਫੇਲ੍ਹ ਕਰ ਦਿੰਦੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਅਧੀਨ ਆਉਂਦੇ ਦੁੱਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਸ ਦੀ ਕਾਰ ਦੋ ਨੌਜਵਾਨ ਹਥਿਆਰਾਂ ਦੀ ਨੋਕ 'ਤੇ ਲੈ ਕੇ ਫਰਾਰ ਹੋ ਗਏ।
ਪੁਲਿਸ ਘਟਨਾ ਦੀ ਕਰ ਰਹੀ ਜਾਂਚ:ਨੌਜਵਾਨ ਹੈਬੋਵਾਲ ਦਾ ਰਹਿਣ ਵਾਲਾ ਹਰਮਿੰਦਰ ਸਿੰਘ ਹੈ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕਿ ਜਲੰਧਰ ਜਾਣ ਲਈ ਕਿਸੇ ਕੁੜੀ ਦੇ ਮੋਬਾਈਲ ਤੋਂ ਉਸ ਦੀ ਕੈਬ ਬੁੱਕ ਕੀਤੀ ਗਈ ਸੀ ਅਤੇ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਹਥਿਆਰ ਦੀ ਨੋਕ ਤੋਂ ਉਸ ਦੀ ਗੱਡੀ ਖੋਹ ਲਈ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਘਟਨਾ ਨੂੰ ਲੈਕੇ ਪੁਲਿਸ ਵੱਲੋਂ ਨੇੜੇ ਤੇੜੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਅਤੇ ਏਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਹੈ ਕਿ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਸਾਨੂੰ ਕਾਫੀ ਸੁਰਾਗ ਮਿਲ ਗਏ ਹਨ ਅਤੇ ਜਲਦ ਹੀ ਅਸੀਂ ਇਸ ਮਾਮਲੇ ਦਾ ਖੁਲਾਸਾ ਕਰਾਂਗੇ। ਹਾਲਾਂਕਿ ਜਦੋਂ ਬੰਦੂਕ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ।