ਲੁਧਿਆਣਾ: ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿਖੇ ਗਲੇ 'ਚ ਪਿਆਜ਼ ਦੀ ਮਾਲਾ ਪਾ ਕੇ ਅਤੇ ਸਿਲੰਡਰ ਫੜ ਕੇ ਮਹਿੰਗਾਈ ਦੇ ਖਿਲਾਫ਼ ਕੇਂਦਰ ਸਰਕਾਰ 'ਤੇ ਸੂਬਾ ਸਰਕਾਰ ਦੇ ਖਿਲਾਫ਼ ਆਪਣੀ ਭੜਾਸ ਕੱਢੀ। ਇਸ ਦੌਰਾਨ ਹੱਥਾਂ 'ਚ ਭਾਂਡੇ ਖੜਕਾ ਕੇ ਉਨ੍ਹਾਂ ਨੇ ਲੋਕਾਂ ਨੂੰ ਮਹਿੰਗਾਈ ਦੇ ਖਿਲਾਫ਼ ਜਾਗਰੂਕ ਕੀਤਾ। ਧਰਨੇ ਵਿੱਚ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਸਣੇ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਪਿਆਜ਼ ਕਾਰਨ ਲੋਕਾਂ ਦਾ ਬਜਟ ਹਿੱਲ ਗਿਆ ਹੈ ਪਰ ਪਿਆਜ਼ ਦੀ ਸਟੋਰੇਜ ਕਰਕੇ ਉਸ ਨੂੰ ਮਹਿੰਗੀਆਂ ਕੀਮਤਾਂ 'ਤੇ ਵੇਚਣ ਵਾਲੇ ਕਾਰਪੋਰੇਟ ਘਰਾਨਿਆਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਜਮ੍ਹਾਂਖੋਰੀ ਕਾਰਨ ਹੀ ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।