ਵਿਧਾਇਕ ਨੇ ਕੰਡਮ ਪਈਆਂ ਬੱਸਾਂ ਨੂੰ ਬਣਾਇਆ ਕਲੀਨਿਕ ਲੁਧਿਆਣਾ : ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਜਿੱਥੇ ਪੰਜਾਬ ਭਰ ਦੇ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਹਨ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਇੱਕ ਅਨੋਖਾ ਉਪਰਾਲਾ ਕੀਤਾ ਗਿਆ ਹੈ। ਕੰਡਮ ਪਈ ਬੱਸ ਨੂੰ ਕਲੀਨਿਕ ਬਣਾ ਦਿੱਤਾ ਗਿਆ ਹੈ ਅਤੇ ਹੁਣ ਵੱਖ-ਵੱਖ ਦਿਨ ਦੇ ਮੁਤਾਬਿਕ ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਘੁੰਮਦੀ ਹੈ ਅਤੇ ਲੋਕਾਂ ਨੂੰ ਮੁਫਤ ਚੈੱਕਅਪ ਦੇ ਨਾਲ ਮੁਫਤ ਦਵਾਈਆਂ ਦੀ ਸੁਵਿਧਾ ਅਤੇ ਮੁਫਤ ਟੈਸਟ ਵੀ ਮੁਹਈਆ ਕਰਵਾ ਰਹੀ ਹੈ ਜਿਸ ਦਾ ਫਾਇਦਾ ਰੋਜ਼ਾਨਾ 100 ਤੋਂ 150 ਲੋਕ ਚੁੱਕ ਰਹੇ ਹਨ।
ਲੋਕਾਂ ਨੂੰ ਮਿਲ ਰਹੀ ਸੁਵਿਧਾ: ਔਸਤਨ 50 ਦੇ ਕਰੀਬ ਸੈਂਪਲ ਰੋਜ਼ ਇਸ ਕਲੀਨਿਕ ਵਿੱਚ ਹੋ ਰਹੇ ਹਨ। ਸਾਲ ਵਿੱਚ ਦੋ ਵਾਰ ਜਾਂ ਤਿੰਨ ਵਾਰ ਲੱਗਣ ਵਾਲੇ ਇਲਾਕੇ ਦੇ ਵਿੱਚ ਮੈਡੀਕਲ ਕੈਂਪ ਨਾਲੋਂ ਲੋਕ ਇਸ ਦਾ ਜਿਆਦਾ ਫਾਇਦਾ ਲੈ ਰਹੇ ਹਨ। ਲੋਕਾਂ ਲਈ ਇਹ ਤੁਰਦਾ ਫਿਰਦਾ ਕਲੀਨਿਕ ਨਾ ਸਿਰਫ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਸਗੋਂ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਚੱਲਦੇ ਫਿਰਦੇ ਕਲੀਨਿਕ ਵਿੱਚ ਹਰ ਵੇਲੇ ਇੱਕ ਡਾਕਟਰ ਮੌਜੂਦ ਰਹਿੰਦਾ ਹੈ। ਇਸ ਦੌਰਾਨ ਦੋ ਹੋਰ ਸਟਾਫ ਜੋ ਕਿ ਟੈਸਟ ਲਈ ਨਮੂਨੇ ਲੈਂਦੇ ਹਨ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡਦੇ ਹਨ।
ਜੋ ਹਸਪਤਾਲ ਨਹੀਂ ਪਹੁੰਚ ਸਕਦੇ, ਉਨ੍ਹਾਂ ਲਈ ਸਹੂਲਤ:ਇਸ ਚੱਲਦੇ ਫਿਰਦੇ ਕਲੀਨਿਕ ਦੇ ਡਾਕਟਰ ਨੇ ਦੱਸਿਆ ਕਿ ਇਹ ਚੱਲਦਾ ਫਿਰਦਾ ਹਸਪਤਾਲ ਹੈ। ਉਨ੍ਹਾਂ ਕਿਹਾ ਕੇਸ ਨਾਲ ਲੋਕਾਂ ਨੂੰ ਸੁਵਿਧਾਵਾਂ ਮਿਲਣਗੀਆਂ। ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਹਸਪਤਾਲ ਖੁਦ ਲੋਕਾਂ ਦੇ ਘਰ ਤੱਕ ਪਹੁੰਚ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਬਹੁਤ ਤਰਸਯੋਗ ਹਾਲਤ ਵੇਖੀ ਹੈ। ਕਈ ਲੋਕ ਪੈਸਿਆਂ ਕਰਕੇ ਹਸਪਤਾਲ ਤੱਕ ਨਹੀਂ ਜਾ ਪਾਉਂਦੇ। ਉਨ੍ਹਾਂ ਕੋਲ ਆਉਣ ਜਾਣ ਦਾ ਕਿਰਾਇਆ ਤੱਕ ਨਹੀਂ ਹੁੰਦਾ। ਆਪਣਾ ਵਾਹਨ ਤੱਕ ਨਹੀਂ ਹੁੰਦਾ, ਅਜਿਹੇ ਲੋਕਾਂ ਨੂੰ ਘਰ ਬੈਠੇ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਇਸ ਬੱਸ ਰਾਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਇਹ ਬਸ ਪੂਰੇ ਦੇਸ਼ ਵਿੱਚ ਇੱਕ ਉਦਾਹਰਨ ਵਜੋਂ ਵੀ ਵੇਖੀ ਜਾ ਸਕਦੀ ਹੈ। ਇਸ ਨੂੰ ਵੇਖ ਕੇ ਸਰਕਾਰਾਂ ਹਜ਼ਾਰਾਂ ਬੱਸਾਂ ਅਜਿਹੀਆਂ ਤਿਆਰ ਕਰ ਸਕਦੀਆਂ ਹਨ। ਡਾਕਟਰ ਨੇ ਕਿਹਾ ਕਿ ਇਸ ਸੁਵਿਧਾ ਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ, ਕਿਉਂਕਿ ਕਈ ਮੁਹੱਲਿਆਂ ਵਿੱਚ ਕਈ ਇਲਾਕਿਆਂ 'ਚ ਅਜਿਹੇ ਬਜ਼ੁਰਗ ਲੋਕ ਰਹਿੰਦੇ ਹਨ, ਜੋ ਹਸਪਤਾਲ ਜਾਂ ਕਲੀਨਿਕ ਤੱਕ ਨਹੀਂ ਪਹੁੰਚ ਕਰ ਸਕਦੇ। ਅਜਿਹੇ ਵਿੱਚ ਉਨ੍ਹਾਂ ਨੂੰ ਘਰ ਬੈਠੇ ਹੀ ਸਿਹਤ ਸੁਵਿਧਾਵਾਂ ਦਾ ਲਾਭ ਮਿਲ ਸਕਦਾ ਹੈ।
ਬੱਸ ਉੱਤੇ ਸਿਆਸਤ: ਇਸ ਬੱਸ ਨੂੰ ਚਲਾਉਣ ਤੋਂ ਪਹਿਲਾਂ ਇਸ ਬੱਸ ਨੂੰ ਲੈ ਕੇ ਕਾਫੀ ਸਿਆਸਤ ਵੀ ਗਰਮਾਉਂਦੀ ਰਹੀ ਸੀ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਬੱਸ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ ਅਤੇ ਲੁਧਿਆਣਾ ਪੱਛਮੀ ਹਲਕੇ ਦੇ ਵਿਧਾਇਕ 'ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਬੱਸਾਂ ਗਾਇਬ ਕਰ ਦਿੱਤੀਆਂ। ਜਦਕਿ ਇਹ ਬਸ ਕਲੀਨਿਕ ਦੇ ਰੂਪ ਵਿੱਚ ਤਿਆਰ ਕਰਨ ਲਈ ਭੇਜੀ ਗਈ ਸੀ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਸਕਣ।
ਵਿਰੋਧੀਆਂ ਦੇ ਬੋਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ:ਇਸ ਸਬੰਧੀ ਗੱਲਬਾਤ ਕਰਦੇ ਹੋਏ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਜੇਕਰ ਅਜਿਹੀ ਸੁਵਿਧਾਵਾਂ ਲੋਕਾਂ ਨੂੰ ਦੇਣ ਲਈ ਉਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਕੋਈ ਲੋਕ ਇਲਜ਼ਾਮ ਲਾਉਂਦੇ ਹਨ, ਤਾਂ ਉਹ ਅਜਿਹੇ ਇਲਜ਼ਾਮ ਲਗਵਾਉਣ ਲਈ ਤਿਆਰ ਰਹਿਣਗੇ। ਇਸ ਨਾਲ ਲੋਕਾਂ ਦੀ ਭਲਾਈ ਹੋ ਸਕੇ, ਲੋਕਾਂ ਨੂੰ ਫਾਇਦਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਆਪਣੇ ਆਪ ਦੇ ਵਿੱਚ ਅਨੋਖੀ ਕਲੀਨਿਕ ਹੈ ਜਿਸ ਨਾਲ ਲੋਕਾਂ ਨੂੰ ਘਰ ਬੈਠੇ ਹੀ ਸਿਹਤ ਸੁਵਿਧਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਵਿਰੋਧੀ ਪਾਰਟੀਆਂ ਦੇ ਬੋਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਲੋਕਾਂ ਦੀ ਸੁਵਿਧਾਵਾਂ ਲਈ ਹਰ ਵਕਤ ਤਿਆਰ ਰਹਿੰਦੇ ਹਾਂ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਉਹ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹੋਰ ਬੱਸਾਂ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਘਰ ਬੈਠੇ ਸਿਹਤ ਸੁਵਿਧਾਵਾਂ ਮਿਲ ਸਕਣ।