ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੱਡੀ ਰਾਹਤ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ (Ludhiana District Court) ਤੋਂ ਉਸ ਵੇਲੇ ਮਿਲੀ ਜਦੋਂ 2015 ਦੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ। 2015 ਵਿੱਚ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖਿਲਾਫ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਸੀ, ਉਸ ਵੇਲੇ ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ। ਗੁਰਪ੍ਰੀਤ ਗੋਗੀ ਤੋਂ ਇਲਾਵਾ ਹੋਰ ਕਿਸੇ ਉੱਤੇ ਵੀ ਪਰਚਾ ਦਰਜ ਨਹੀਂ ਕੀਤਾ ਗਿਆ ਸੀ ਜਦੋਂ ਕਿ ਇਸ ਧਰਨੇ ਵਿੱਚ ਭਾਰਤ ਭੂਸ਼ਣ ਆਸ਼ੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੀ ਮੌਜੂਦ ਸਨ।
ਸਾਜ਼ਿਸ਼ ਤਹਿਤ ਪਰਚਾ: ਅੱਜ ਜ਼ਿਲ੍ਹਾ ਅਦਾਲਤ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੱਡੀ ਰਾਹਤ ਦਿੰਦੇ ਆ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਉਹਨਾਂ ਲਈ ਵਕੀਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਅੱਠ ਸਾਲ ਬਾਅਦ ਉਹਨਾਂ ਨੂੰ ਇਹ ਰਾਹਤ ਮਿਲੀ ਹੈ। ਵਿਧਾਇਕ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਉਹ ਸਿਆਸਤ ਦਾ ਸ਼ਿਕਾਰ ਹੋਏ ਸਨ ਅਤੇ ਇਕੱਲੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਅਖਬਾਰਾਂ ਦੀ ਕਟਿੰਗ ਦਿਖਾਉਂਦੇ ਹੋਏ ਕਿਹਾ ਕਿ ਰੇਲ ਦੇ ਇੰਜਣ ਦੇ ਉੱਤੇ (Member Parliament Ravneet Bittu) ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਚੜੇ ਸਨ ਜਦੋਂ ਕਿ ਪਰਚਾ ਬਿੱਟੂ ਦੀ ਬਜਾਏ ਉਨ੍ਹਾਂ ਉੱਤੇ ਕਰ ਦਿੱਤਾ ਗਿਆ ਸੀ।