ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਵਿੱਚ ਐਸਟੀਐਫ਼ ਵੱਲੋਂ ਸਾਬਕਾ ਅਕਾਲੀ ਸਰਪੰਚ ਤੋਂ ਬਰਾਮਦ ਕੀਤੀ ਗਈ ਨਸ਼ੇ ਦੀ ਵੱਡੀ ਖੇਪ ਦੇ ਮਾਮਲੇ ਵਿੱਚ ਮੰਗਲਵਾਰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਡਾ ਜਾਮ ਲਾਇਆ ਗਿਆ। ਇਸ ਦੌਰਾਨ ਆਪ ਆਗੂਆਂ ਨੇ ਕਾਂਗਰਸ ਨੂੰ ਨਸ਼ੇ ਦੇ ਕਾਰੋਬਾਰ ਲਈ ਜੰਮ ਕੇ ਕੋਸਿਆ।
ਪਾਰਟੀ ਆਗੂ ਅਨਮੋਲ ਗਗਨ ਮਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਨਸ਼ੇ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਦਾਅਵੇ ਵੀ ਕਰ ਰਹੇ ਹਨ ਪਰੰਤੂ ਨਸ਼ੇ ਕਾਰਨ ਪੰਜਾਬ ਵਿੱਚ ਤ੍ਰਾਹ-ਤ੍ਰਾਹ ਮੱਚੀ ਹੋਈ ਹੈ। ਇੱਕ ਲੱਖ ਤੋਂ ਵਧੇਰੇ ਨੌਜਵਾਨ ਨਸ਼ੇ ਨੇ ਖਾ ਸੁੱਟੇ ਹਨ, ਜਿਹੜੇ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਭੱਜ ਰਹੇ ਹਨ ਅਤੇ ਨਸ਼ੇ ਦੀ ਤੋਟ ਕਾਰਨ ਮਰਨ ਕੰਢੇ ਪੁੱਜਦੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ 'ਚ ਨਸ਼ਿਆਂ ਵਿਰੁੱਧ ਧਰਨਾ ਪ੍ਰਦਰਸ਼ਨ ਸੋ ਕੈਪਟਨ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੇ ਕਿਹੜਾ ਨਸ਼ੇ ਦਾ ਲੱਕ ਤੋੜਿਆ ਹੈ, ਪੰਜਾਬ ਦੀ ਜਵਾਨੀ ਦਾ ਲੱਕ ਤੋੜਿਆ ਹੈ ਜਾਂ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੌਕਡਾਊਨ ਦੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਜੰਮ ਕੇ ਲੁੱਟਿਆ ਹੈ।
ਉਧਰ, ਜਗਰਾਉਂ ਤੋਂ ਪਾਰਟੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਇਸ ਕੀਤਾ ਗਿਆ ਹੈ ਕਿਉਂਕਿ ਗ੍ਰਹਿ ਮੰਤਰਾਲਾ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਸੰਭਾਲ ਰਹੇ ਅਤੇ ਤਿੰਨ ਸਾਲ ਬੀਤ ਜਾਣ 'ਤੇ ਵੀ ਨਸ਼ਿਆਂ 'ਤੇ ਠੱਲ੍ਹ ਨਹੀਂ ਪਾ ਸਕੇ ਹਨ। ਇਸ ਲਈ ਚਾਹੀਦਾ ਹੈ ਕਿ ਉਹ ਗ੍ਰਹਿ ਮੰਤਰਾਲੇ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਸੌਂਪਣ ਤਾਂ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ੇ 'ਤੇ ਠੱਲ੍ਹ ਪਾਈ ਜਾ ਸਕੇ।