ਇਲਾਕਾ ਵਾਸੀਆਂ ਨੇ ਪੁਲਿਸ ਉੱਤੇ ਲਗਾਏ ਇਲਜ਼ਾਮ ਲੁਧਿਆਣਾ:ਜ਼ਿਲ੍ਹੇ ਦੇ ਮਨਜੀਤ ਨਗਰ ਵਿੱਚ ਨਸ਼ੇ ਦੀ ਓਵਰਡੋਜ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਇੱਕ ਖਾਲੀ ਬਿਲਡਿੰਗ ਵਿੱਚ ਮਿਲੀ ਸੀ, ਜਿੱਥੇ ਨਸ਼ੇ ਦਾ ਇੰਜੈਕਸ਼ਨ ਬਰਾਮਦ ਹੋਇਆ ਹੈ। ਉੱਥੇ ਹੀ ਜੇਕਰ ਗੱਲ ਕਰੀਏ ਤਾਂ ਇਲਾਕੇ ਨਿਵਾਸੀਆਂ ਵੱਲੋਂ ਲੁਧਿਆਣਾ ਪੁਲਿਸ ਖਿਲਾਫ ਵੀ ਰੋਸ ਜਾਹਿਰ ਕੀਤਾ ਗਿਆ। ਮ੍ਰਿਤਕ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਲਾਕਾ ਵਾਸੀਆਂ ਨੇ ਪੁਲਿਸ ਉੱਤੇ ਚੁੱਕੇ ਸਵਾਲ : ਲੁਧਿਆਣਾ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਨਸ਼ੇ ਸਬੰਧੀ ਸ਼ਿਕਾਇਤਾਂ ਦਿੱਤੀਆਂ ਹਨ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਇਨਾਂ ਹੀ ਨਹੀਂ ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਮੌਤਾਂ ਨਸ਼ੇ ਦੀ ਓਵਰਡੋਜ ਨਾਲ ਹੋ ਚੁੱਕੀਆਂ ਹਨ ਅਤੇ ਇਲਾਕੇ ਵਿੱਚ ਮਹਿਲਾਵਾਂ ਨਸ਼ਾ ਵੇਚਦੀਆਂ ਹਨ ਅਤੇ ਕੁੜੀਆਂ ਨਸ਼ਾ ਕਰਦੀਆਂ ਹਨ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਕਈ ਸ਼ਿਕਾਇਤਾਂ ਦਿੱਤੀਆਂ, ਪਰ ਨਹੀਂ ਹੋਈ ਕਾਰਵਾਈ: ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਅਤੇ ਡੀਜੀਪੀ ਪੰਜਾਬ ਤੱਕ ਉਹ ਕਈ ਵਾਰ ਸ਼ਿਕਾਇਤਾਂ ਭੇਜ ਚੁੱਕੇ ਹਨ, ਪਰ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪਹਿਲਾਂ ਜਫ਼ਰ ਨਾਂ ਦਾ ਮੁਲਜ਼ਮ ਪੁਲਿਸ ਨੂੰ ਗ੍ਰਿਫਤਾਰ ਕਰਵਾਇਆ ਸੀ, ਪਰ ਬਾਅਦ ਵਿੱਚ ਉਸ ਦੀ ਪਤਨੀ ਇਲਾਕੇ ਵਿੱਚ ਨਸ਼ਾ ਵੇਚਣ ਲੱਗ ਗਈ। ਹੁਣ, ਮੌਕੇ ਉੱਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮ੍ਰਿਤਕ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ ਹੈ, ਇਸ ਮੌਕੇ ਕੁਝ ਸਿਆਸੀ ਆਗੂ ਹੀ ਸ਼ਾਮਿਲ ਹੋਏ, ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਸ਼ਾ ਖਤਮ ਹੋਣ ਦੀ ਥਾਂ ਹੋਰ ਵੱਧ ਗਿਆ ਹੈ। ਇਲਾਕੇ ਦੀਆਂ ਮਹਿਲਾਵਾਂ ਨੇ ਇਲਜ਼ਾਮ ਲਾਏ ਹਨ ਕਿ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਲਾਕੇ ਦੇ ਲੋਕਾਂ ਵਿੱਚ ਰੋਸ ਵੇਖਦਿਆਂ ਪੁਲਿਸ ਚੌਂਕੀ ਬਸੰਤ ਪਾਰਕ ਦੇ ਏਐਸਆਈ ਨੇ ਕਿਹਾ ਕਿ ਜਿਸ ਕਿਸੇ ਦੇ ਖਿਲਾਫ ਇਲਕਾਵਾਸੀ ਸ਼ਿਕਾਇਤ ਦੇਣਗੇ, ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਗੇ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਅਸੀਂ ਪਹਿਲਾ ਵੀ ਗ੍ਰਿਫਤਾਰੀ ਕੀਤੀ ਹੈ ਅਤੇ ਜੇਕਰ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਵੇ ਉਹ ਤੁਰੰਤ ਕਾਰਵਾਈ ਕਰਨਗੇ।