ਲੁਧਿਆਣਾ: ਖੰਨਾ ਵਿੱਚ ਇੱਕ ਔਰਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ ਅਤੇ ਪੁਲਿਸ 'ਤੇ ਬਦਸਲੂਕੀ ਕਰਨ ਦਾ ਦੋਸ਼ ਲਗਾਇਆ। ਅਮਲੋਹ ਰੋਡ 'ਤੇ ਪਾਣੀ ਦੀ ਟੈਂਕੀ 'ਤੇ ਚੜ੍ਹਨ ਵਾਲੀ ਔਰਤ ਵਾਰ-ਵਾਰ ਇਹ ਕਹਿ ਰਹੀ ਸੀ ਕਿ ਪੁਲਿਸ ਨੇ ਉਸ ਦੇ ਬੇਟੇ ਨਾਲ ਬਹੁਤ ਧੱਕਾ ਕੀਤਾ ਹੈ, ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦ ਨੂੰ ਅੱਗ ਲਾ ਕੇ ਹੇਠਾਂ ਕੁੱਦ ਜਾਵੇਗੀ।
ਪਾਣੀ ਵਾਲੀ ਟੈਂਕੀ 'ਤੇ ਖੁਦਕੁਸ਼ੀ ਕਰਨ ਚੜ੍ਹੀ ਔਰਤ, ਪੁਲਿਸ 'ਤੇ ਲਾਏ ਪੈਸੇ ਮੰਗਣ ਦੇ ਇਲਜ਼ਾਮ ਐਸਪੀ ਤਰੁਣ ਆਨੰਦ, ਡੀਐਸਪੀ ਰਾਜਨ ਪਰਮਿੰਦਰ, ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਤੁਰੰਤ ਇਸ ਮਾਮਲੇ ਦਾ ਪਤਾ ਲੱਗਦਿਆਂ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਵੱਲੋਂ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਔਰਤ ਹੇਠਾਂ ਉਤਰਨ ਲਈ ਤਿਆਰ ਨਹੀਂ ਸੀ। ਜਿਸ ਤੋਂ ਬਾਅਦ ਡਾਕਟਰਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਢਾਈ ਘੰਟੇ ਬਾਅਦ ਔਰਤ ਨੂੰ ਸਮਝਾਉਣ ਤੋਂ ਬਾਅਦ ਹੇਠਾਂ ਲਿਆਂਦਾ ਗਿਆ।
ਖੰਨਾ ਦੀ ਰਹਿਣ ਵਾਲੀ ਹੈਪੀ ਨਾਂ ਦੀ ਇਹ ਔਰਤ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਚੀਕ ਰਹੀ ਸੀ ਕਿ ਉਸ ਦਾ ਬੇਟਾ ਜੇਲ੍ਹ ਵਿੱਚ ਹੈ। ਪੁਲਿਸ ਟੀਮ ਅੱਜ ਸਵੇਰੇ ਉਸ ਦੇ ਘਰ ਆਈ ਅਤੇ ਘਰ ਤੋਂ ਬੁਲੇਟ ਮੋਟਰਸਾਈਕਲ ਚੱਕ ਕੇ ਲੈ ਕੇ ਗਈ, ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਉਸ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਦੇ ਬੇਟੇ ਨੂੰ ਪੁਲਿਸ ਨੇ ਕਿਸੇ ਮਾਮਲੇ ਵਿੱਚ ਫੜ ਲਿਆ ਸੀ। ਉਸ ‘ਤੇ ਜ਼ਬਰਦਸਤੀ ਕੇਸ ਪਾਏ ਗਏ ਸਨ। ਸਵੇਰੇ ਪੁਲਿਸ ਨੇ ਆ ਕੇ ਘਰ ਉਸ ਨੂੰ ਕੁੱਟਿਆ। ਪੁਲਿਸ ਉਸ ਤੋਂ 50,000 ਰੁਪਏ ਮੰਗ ਰਹੀ ਹੈ, ਪੁਲਿਸ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਪੈਸੇ ਦੇ ਕੇ ਕੇਸ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
ਔਰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਨੂੰ ਪੈਸੇ ਨਾਲ ਫੈਸਲਾ ਕਰ ਲੈਣ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜੇ ਪੁਲਿਸ ਤੋਂ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਥਾਣੇ ਵਿੱਚ ਆਤਮਹੱਤਿਆ ਕਰ ਲਵੇਗੀ।