ਲੁਧਿਆਣਾ : ਜ਼ਿਲ੍ਹੇ ਦੇ ਕੁਹਾੜਾ ਨਜ਼ਦੀਕ ਪੈਂਦੇ ਪਿੰਡ ਜੰਡਿਆਲੀ ਦੇ ਵਿੱਚ ਯੂਨੀਸਟਾਰ ਨਾਂ ਦੀ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਬੀਤੀ ਦੇਰ ਸ਼ਾਮ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਵੇਖਦੇ ਹੀ ਵੇਖਦੇ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਵਿਭਾਗ ਵੱਲੋਂ 6 ਗੱਡੀਆਂ ਪਹਿਲਾਂ ਭੇਜੀਆਂ ਗਈਆਂ ਉਸ ਤੋਂ ਬਾਅਦ 4 ਹੋਰ ਗੱਡੀਆਂ ਭੇਜੀਆਂ ਗਈਆਂ ਅਤੇ 30 ਤੋਂ 35 ਗੱਡੀਆਂ ਨੇ ਅੱਗ ਉਤੇ 50 ਫੀਸਦੀ ਤੋਂ ਵਧੇਰੇ ਕਾਬੂ ਪਾਇਆ। ਗਨੀਮਤ ਰਹੀ ਕਿ ਅੱਗ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਵੱਡਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਅੱਗ ਦੀਆਂ ਲਪਟਾਂ ਵੇਖ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਅਫ਼ਸਰ ਰਜਿੰਦਰ ਨੇ ਦੱਸਿਆ ਕਿ ਫਾਇਰ ਕਰਮੀਆਂ ਵੱਲੋਂ ਅੱਗ ਉਤੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀ ਸਟਾਰ ਫੈਕਟਰੀ ਹੈ, ਜਿਸ ਵਿੱਚ ਅੱਗ ਲੱਗੀ ਹੈ, ਮੁੱਢਲੀ ਜਾਂਚ ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ। ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਫੈਕਟਰੀ ਮਾਲਿਕ ਤੋਂ ਪੁਲਿਸ ਵਲੋਂ ਪੁੱਛਗਿੱਛ ਕੀਤੀ ਗਈ ਹੈ।