ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ 'ਚ ਗੋਲਡ ਟਾਈਮ ਵੈਂਚਰ ਨਾਂ ਦੀ ਇੱਕ ਫਰਮ ਚਲਾ ਰਹੇ ਪਿਓ ਪੁੱਤਰ ਸੰਕਲਪ ਛਿੱਬਰ ਅਤੇ ਨਰਿੰਦਰ ਛਿੱਬਰ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਇਲਜ਼ਾਮ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ ਵਪਾਰੀਆਂ ਵੱਲੋਂ ਕੰਪਨੀ 'ਤੇ ਲਾਏ ਗਏ ਹਨ।
ਵਪਾਰੀਆਂ ਦਾ ਇਲਜ਼ਾਮ ਹੈ ਕਿ ਕੰਪਨੀ ਵੱਲੋਂ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਲਏ ਗਏ ਪਰ ਬਦਲੇ 'ਚ ਉਨ੍ਹਾਂ ਨੂੰ ਜੋ ਸਾਮਾਨ ਦਿੱਤਾ ਗਿਆ ਜਾ ਤਾਂ ਉਹ ਗਲਤ ਪੈਕਿੰਗ 'ਚ ਸੀ ਜਾ ਫਿਰ ਉਸ ਦੀ ਮਿਤੀ ਲੰਘੀ ਹੋਈ ਸੀ ਅਤੇ ਕਈ ਵਪਾਰੀਆਂ ਨੂੰ ਤਾਂ ਕੰਪਨੀ ਵੱਲੋਂ ਪੈਸੇ ਲੈ ਕੇ ਸਾਮਾਨ ਤੱਕ ਵੀ ਨਹੀਂ ਦਿੱਤਾ ਗਿਆ।
ਵਪਾਰੀਆਂ ਨੇ ਕਿਹਾ ਕਿ ਜਦੋਂ ਉਹ ਇਨ੍ਹਾਂ ਦੋਵਾਂ ਪਿਓ ਪੁੱਤਾਂ ਦੇ ਦਫ਼ਤਰ ਮੁੜ ਤੋਂ ਗਏ ਤਾਂ ਉੱਥੇ ਨਾ ਤਾਂ ਦਫ਼ਤਰ ਸੀ ਅਤੇ ਨਾ ਹੀ ਦੋਵੇਂ ਕੋਈ ਫੋਨ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਪੁੱਤ ਦੇ ਸਿਆਸੀ ਲਿੰਕ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਵੱਡੇ ਲੀਡਰਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਹਨ।
ਵਪਾਰੀਆਂ ਨੇ ਦੱਸਿਆ ਕਿ ਜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਸੂਬਿਆਂ ਨੂੰ ਮਿਲਾ ਕੇ ਇਨ੍ਹਾਂ ਪਿਉ ਪੁੱਤਾਂ ਵੱਲੋਂ 8-10 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ, ਜਿਸ ਵਿੱਚ ਪ੍ਰੀਮੀਅਮ ਮਾਰਕੀਟਿੰਗ ਦੇ 33 ਲੱਖ ਰੁਪਏ, ਵਿਧਾਤਾ ਲੋਜਿਸਟਿਕ ਦੇ 10 ਲੱਖ ਰੁਪਏ ਸ੍ਰੀ ਗਣੇਸ਼ ਇੰਟਰਪ੍ਰਾਈਜ਼ਿਜ਼ ਦੇ 10 ਲੱਖ ਰੁਪਏ, ਸਚਦੇਵਾ 8 ਲੱਖ ਜਦੋਂ ਕਿ ਗੁਪਤਾ ਇੰਟਰਪ੍ਰਾਈਜਿਜ਼ ਤੋਂ 25 ਲੱਖ ਦੀ ਠੱਗੀ ਮਾਰੀ ਗਈ ਹੈ ਕੁੱਲ 13 ਵਪਾਰੀਆਂ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਹੈ, ਜਿਸਦਾ ਹਿਸਾਬ ਕਰੋੜਾਂ 'ਚ ਜਾਂਦਾ ਹੈ।