ਖੰਨਾ:ਦਿੱਲੀ ਕੋਚਿੰਗ ਸੈਂਟਰ 'ਚ ਅੱਗ ਲੱਗਣ ਦੀ ਘਟਨਾ ਮਗਰੋਂ ਵੀ ਸਬਕ ਨਹੀਂ ਲਿਆ ਜਾ ਰਿਹਾ। ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਹੁਣ ਐਜੂਕੇਸ਼ਨ ਹੱਬ ਸੁਰੱਖਿਅਤ ਨਹੀਂ ਹਨ। ਅਜਿਹਾ ਦੇਖਣ ਨੂੰ ਮਿਲਿਆ ਖੰਨਾ ਦੀ ਐਜੂਕੇਸ਼ਨ ਹੱਬ ਜੀਟੀਬੀ ਮਾਰਕੀਟ ਵਿੱਚ ਜਿਥੇ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ। ਮੌਕੇ ਉੱਤੇ ਪਹੁੰਚੇ ਲੋਕਾਂ ਵੱਲੋਂ ਸ਼ਟਰ ਅਤੇ ਸ਼ੀਸ਼ੇ ਤੋੜ ਕੇ ਅੱਗ 'ਤੇ ਕਾਬੂ ਪਾਇਆ ਗਿਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਕਿਉਂਕਿ ਇੱਥੇ ਸੈਂਕੜੇ ਆਈਲੈਟਸ ਸੈਂਟਰ ਬਿਲਕੁਲ ਨਾਲ ਨਾਲ ਹਨ, ਅੱਗ ਫੈਲਣ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬੁੱਧਵਾਰ ਰਾਤ ਨੂੰ ਰੈਸਟੋਰੈਂਟ ਬੰਦ ਕਰਨ ਦੀ ਤਿਆਰੀ ਕਰ ਰਹੇ ਸੀ ਤਾਂ ਨਾਲ ਲੱਗਦੀ ਤਿੰਨ ਮੰਜ਼ਿਲਾ ਇਮਾਰਤ ਦੀਆਂ ਪੌੜੀਆਂ ਵਿੱਚ ਲੱਗੇ ਸ਼ਟਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਉਸਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸ਼ਟਰ ਬੰਦ ਸੀ। ਜਦੋਂ ਤੱਕ ਮਾਲਕ ਨੂੰ ਬੁਲਾਇਆ ਜਾਂਦਾ ਉਦੋਂ ਤੱਕ ਅੱਗ ਕਾਫੀ ਫੈਲ ਜਾਣੀ ਸੀ। ਜਿਸ ਕਾਰਨ ਫਾਇਰ ਬ੍ਰਿਗੇਡ ਨੇ ਸ਼ਟਰ ਅਤੇ ਸ਼ੀਸ਼ੇ ਤੋੜ ਕੇ ਅੱਗ ਬੁਝਾਈ। ਅੱਗ ਬਿਜਲੀ ਦੇ ਮੀਟਰ ਬਕਸੇ ਵਿੱਚ ਲੱਗੀ ਸੀ ਅਤੇ ਅੱਗੇ ਫੈਲ ਰਹੀ ਸੀ। ਜਿਸ ਨੂੰ ਸਥਾਨਕ ਲੋਕਾਂ ਦੀ ਸੂਝ ਬੁਝ ਦੇ ਨਾਲ ਕਾਬੂ ਪਾਇਆ ਗਿਆ।
ਬਿਨਾਂ ਐਨ.ਓ.ਸੀ ਚੱਲ ਰਹੇ ਆਈਲੈਟਸ ਸੈਂਟਰ: ਐਜੂਕੇਸ਼ਨ ਹੱਬ ਵਿੱਚ ਦਿੱਲੀ ਕੋਚਿੰਗ ਸੈਂਟਰ ਵਰਗੀ ਘਟਨਾ ਵਾਪਰਨ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਇੱਥੇ ਲਗਭਗ 200 ਆਈਲੈਟਸ ਸੈਂਟਰ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਫਾਇਰ ਬ੍ਰਿਗੇਡ ਦੀ ਐਨਓਸੀ ਨਹੀਂ ਹੈ। ਅਜਿਹੇ 'ਚ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸ਼ਾਇਦ ਫਾਇਰ ਬ੍ਰਿਗੇਡ ਵੀ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੀ ਹੈ ਜਿਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ।