ਲੁਧਿਆਣਾ:ਇਕ ਨਿੱਜੀ ਟੀਵੀ ਚੈਨਲ ਦੀ ਮਹਿਲਾ ਪੱਤਰਕਾਰ ਦੀ ਬੀਤੇ ਕੱਲ੍ਹ ਰਿਹਾਈ ਦੇ ਨਾਲ ਨਾਲ ਕਈ ਸਵਾਲ ਵੀ ਖੜ੍ਹੇ ਹੋਏ ਸਨ। ਪੱਤਰਕਾਰ ਨੇ ਜੇਲ੍ਹ ਵਿੱਚੋਂ ਛੁੱਟਦਿਆਂ ਹੀ ਪੁਲਿਸ ਉੱਤੇ ਗੰਭੀਰ ਇਲ਼ਜਾਮ ਲਗਾਏ ਸਨ। ਮਹਿਲਾ ਪੱਤਰਕਾਰ ਨੇ ਕਿਹਾ ਸੀ ਕਿ ਉਸ ਨਾਲ ਪੁਲਿਸ ਨੇ ਵਧੀਕੀ ਕੀਤੀ ਹੈ। ਸ਼ਾਮ ਢਲਣ ਤੋਂ ਬਾਅਦ ਉਸਦੀ ਗ੍ਰਿਫਤਾਰੀ ਕੀਤੀ ਅਤੇ ਥਾਣੇ ਲਿਜਾ ਕੇ ਉਸਦੀ ਜਾਤ ਵੀ ਪੁੱਛੀ ਗਈ ਹੈ। ਇਸ ਤੋਂ ਇਲਾਵਾ ਸਭ ਤੋਂ ਵੱਡਾ ਇਲਜਾਮ ਇਹ ਲਾਇਆ ਕਿ ਉਸਨੂੰ ਵਾਸ਼ਰੂਮ ਜਾਣ ਵੇਲੇ ਦਰਵਾਜਾ ਖੁੱਲ੍ਹਾ ਰੱਖਣ ਲਈ ਕਿਹਾ ਗਿਆ। ਇਨ੍ਹਾਂ ਇਲਜਾਮਾਂ ਨਾਲ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਵਿੱਚ ਘਿਰ ਗਿਆ ਸੀ। ਇਨ੍ਹਾਂ ਇਲਜਾਮਾਂ ਦਾ ਸੱਚ ਜਨਣ ਲਈ ਈਟੀਵੀ ਭਾਰਤ ਦੀ ਲੁਧਿਆਣਾ ਟੀਮ ਵਲੋਂ ਸੰਬਧਿਤ ਥਾਣੇ ਦਾ ਰਿਐਲਟੀ ਚੈੱਕ ਕੀਤਾ ਗਿਆ ਹੈ। ਇਸ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਹਨ।
ਸਵਾਲਾਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ :ਦਰਅਸਲ ਜ਼ਿਲ੍ਹੇ ਦੇ ਮੁਹੱਲਾ ਕਲੀਨਿਕ ਦੇ ਉਦਘਾਟਨ ਸਮੇਂ ਕਵਰੇਜ ਕਰ ਰਹੀ ਇੱਕ ਮਹਿਲਾ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਐਫਆਈਆਰ ਰਜਿਸਟਰ ਕੀਤੀ ਗਈ, ਜਿਸ ਵਿੱਚ ਉਸ ਉੱਤੇ ਧਾਰਾ ਇੰਡੀਅਨ ਪੀਨਲ ਕੋਡ 279, 337 ਅਤੇ 427 ਲਗਾਈ ਗਈ। ਮਹਿਲਾ ਪੱਤਰਕਾਰ ਦੇ ਨਾਲ ਉਸ ਦਾ ਕਾਰ ਚਲਾ ਰਿਹਾ ਡਰਾਈਵਰ ਅਤੇ ਕੈਮਰਾਮੈਨ ਵੀ ਮੌਜੂਦ ਸੀ। ਜਿਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਜਿਸ ਤੋਂ ਬਾਅਦ ਜਦੋਂ ਇਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 3 ਲਿਆਂਦਾ ਗਿਆ ਤਾਂ ਮਹਿਲਾ ਪੱਤਰਕਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਸ ਦੇ ਨਾਲ ਠਾਣੇ ਦੇ ਵਿੱਚ ਬਦਸਲੂਕੀ ਹੋਈ। ਜਦੋਂ ਉਹ ਪਖਾਨੇ ਜਾਣ ਲੱਗੀ ਤਾਂ ਉਸ ਨੂੰ ਦਰਵਾਜਾ ਖੋਲ੍ਹ ਕੇ ਜਾਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਥਾਣੇ ਦੇ ਵਿੱਚ ਮਹਿਲਾ ਮੁਲਾਜ਼ਮ ਵੀ ਮੌਜੂਦ ਨਹੀਂ ਸੀ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਇਕ ਵਾਰ ਮੁੜ ਤੋਂ ਸਵਾਲ ਸ਼ੁਰੂ ਹੋ ਗਏ ਨੇ। ਹਾਲਾਂਕਿ ਇਸ ਮਾਮਲੇ ਵਿੱਚ ਮਹਿਲਾ ਪੱਤਰਕਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਅਤੇ ਦੋ ਦਿਨ ਬਾਅਦ ਹੀ ਉਸ ਨੂੰ ਲੁਧਿਆਣਾ ਦੀ ਸੈਂਟਰਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕੁੱਝ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਰਕਾਰ ਦੀ ਮਨਸ਼ਾ ਅਤੇ ਸਵਾਲ ਖੜੇ ਕੀਤੇ ਗਏ।
ਥਾਣੇ 'ਚ ਨਹੀਂ ਸਨ ਸੀਨੀਅਰ ਅਫ਼ਸਰ:ਥਾਣਾ ਡਵੀਜ਼ਨ ਨੰਬਰ 3 ਦੇ ਵਿੱਚ ਅੱਜ ਈਟੀਵੀ ਭਾਰਤ ਵੱਲੋਂ ਮੌਕੇ ਉੱਤੇ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਥਾਣੇ ਦੇ ਵਿੱਚ ਇੱਕ ਹੀ ਮਹਿਲਾ ਕੰਪਿਊਟਰ ਉੱਤੇ ਕੰਮ ਕਰ ਰਹੀ ਸੀ। ਉਸ ਵੱਲੋਂ ਵੀ ਵਰਦੀ ਨਹੀਂ ਪਾਈ ਗਈ ਸੀ। ਇਸ ਤੋਂ ਇਲਾਵਾ ਥਾਣੇ ਵਿੱਚ ਸਿਰਫ਼ ਦੋ ਪੁਲਿਸ ਮੁਲਾਜ਼ਮ ਮੌਜੂਦ ਸਨ। ਥਾਣੇ ਵਿੱਚ ਨਾ ਹੀ ਕੋਈ ਮਹਿਲਾ ਮੁਲਾਜ਼ਮ ਅਤੇ ਨਾ ਹੀ ਕੋਈ ਥਾਣਾ ਇੰਚਾਰਜ ਮੌਕੇ ਉੱਤੇ ਮੌਜੂਦ ਸਨ। ਇੱਥੋਂ ਤੱਕ ਕਿ ਕੁੱਝ ਮਹਿਲਾਵਾਂ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਅਫ਼ਸਰਾਂ ਦੀ ਉਡੀਕ ਕੀਤੀ ਜਾ ਰਹੀ ਸੀ। ਜਦੋਂ ਮਹਿਲਾਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਮਹਿਲਾ ਮੁਲਾਜ਼ਮ ਤਾਇਨਾਤ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਾਮ ਨਹੀਂ ਪਤਾ ਅਸੀਂ ਅਡੀਸ਼ਨਲ ਐਸਐਚਓ ਦੇ ਕੋਲ ਹੀ ਆਏ ਹਾਂ।
ਕੋਈ ਮਹਿਲਾ ਮੁਲਾਜ਼ਮ ਨਹੀਂ ਤਾਇਨਾਤ: ਥਾਣੇ ਦੇ ਵਿੱਚ ਤਾਇਨਾਤ ਮੁਨਸ਼ੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਥਾਣੇ ਵਿੱਚ ਕਿੰਨੀਆਂ ਮਹਿਲਾ ਮੁਲਾਜ਼ਮ ਤਾਇਨਾਤ ਹਨ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜ਼ਿਆਦਾਤਰ ਮੁਲਾਜ਼ਮਾਂ ਦੀ ਅਤੇ ਸੀਨੀਅਰ ਅਫ਼ਸਰਾਂ ਦੀ ਗਿਣਤੀ ਇਸ ਲਈ ਘੱਟ ਹੈ ਕਿਉਂਕਿ ਉਨ੍ਹਾਂ ਦੀ ਡਿਊਟੀ ਅੱਜ ਫੀਲਡ ਦੇ ਵਿੱਚ ਲੱਗੀ ਹੋਈ ਹੈ। ਭਾਰਤੀ ਪ੍ਰੈੱਸ ਸੰਘ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਮਹਿਲਾ ਪੱਤਰਕਾਰ ਦੇ ਨਾਲ ਹੋਈ ਬਦਸਲੂਕੀ ਦਾ ਮਾਮਲਾ ਹਾਈਕੋਰਟ ਦੇ ਵਿੱਚ ਚਲਾ ਗਿਆ ਹੈ। ਇਸ ਮਾਮਲੇ ਉੱਤੇ ਅਦਾਲਤਾਂ ਵੱਲੋਂ ਵੀ ਦਖਲ ਦੇ ਕੇ ਸਰਕਾਰਾਂ ਨੂੰ ਝਾੜ ਪਾਈ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਜਵਾਬ ਦੀ ਮੰਗੀ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਦਿਨ ਵੇਲੇ ਵੀ ਥਾਣਾ ਡਵੀਜ਼ਨ ਨੰਬਰ 3 ਜਿੱਥੇ ਮਹਿਲਾ ਪੱਤਰਕਾਰ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ ਉੱਥੇ ਕੋਈ ਵਰਦੀ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਈ।
ਦਰਅਸਲ, ਟੀਵੀ ਚੈਨਲ ਦੀ ਪੱਤਰਕਾਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਅਦਾਲਤ ਤੋਂ ਮਿਲੀ ਜਮਾਨਤ ਮਗਰੋਂ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਟੈਲੀਵਿਜ਼ਨ ਪੱਤਰਕਾਰ ਨੂੰ ਦੋ ਹੋਰ ਵਿਅਕਤੀਆਂ ਸਮੇਤ ਫੜਿਆ ਗਿਆ ਸੀ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਜ਼ਮਾਨਤੀ ਬਾਂਡ ਭਰਨ ਮਗਰੋਂ ਪੱਤਰਕਾਰ ਦੀ ਰਿਹਾਈ ਹੋਈ ਹੈ। ਇਸ ਗ੍ਰਿਫਤਾਰੀ ਦੇ ਮੀਡੀਆ ਜਗਤ ਦੇ ਨਾਲ ਨਾਲ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੇ ਵਿਰੋਧ ਸਨ। ਇਸਨੂੰ ਗਲਤ ਤਰੀਕੇ ਨਾਲ ਕੀਤੀ ਗਈ ਗ੍ਰਿਫਤਾਰੀ ਦੱਸਿਆ ਗਿਆ ਸੀ। ਦੂਜੇ ਪਾਸੇ ਪੰਜਾਬ ਸਰਕਾਰ ਉੱਤੇ ਵੀ ਇਸਨੂੰ ਲੈ ਕੇ ਕਈ ਗੰਭੀਰ ਇਲਜਾਮ ਲਗਾਏ ਗਏ ਸਨ।