ਖੰਨਾ :ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਤਹਿਤ ਖੰਨਾ ਵਿੱਚ ਏਡੀਸੀ ਦੇ ਸੇਵਾਮੁਕਤ ਰੀਡਰ ਅਤੇ ਭਾਜਪਾ ਆਗੂ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਰੀਡਰ ਨੇ ਆਪਣੀ ਡਿਊਟੀ ਦੌਰਾਨ ਜ਼ਮੀਨ ਦਾ ਇੰਤਕਾਲ ਕਰਾਉਣ ਬਦਲੇ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਲਈ ਸੀ। ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕਰਾਇਆ ਗਿਆ। ਥਾਣਾ ਸਮਰਾਲਾ ਦੀ ਪੁਲਿਸ ਨੇ ਗੁਰਜੀਤ ਸਿੰਘ ਵਾਸੀ ਪਿੰਡ ਨਾਗਰਾ ਦੀ ਸ਼ਿਕਾਇਤ ’ਤੇ ਰਿਟਾਇਰਡ ਰੀਡਰ ਯਸ਼ਪਾਲ ਗੋਪਾਲ ਮੈਂਟਾ ਵਾਸੀ ਹਰਨਾਮ ਨਗਰ ਸਮਰਾਲਾ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ।
ਜ਼ਮੀਨ ਦਾ ਕੇਸ ਸੁਲਝਾਉਣ ਲਈ ਮੰਗੇ ਸੀ 5 ਲੱਖ ਰੁਪਏ :ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਸਦੀ ਜ਼ਮੀਨ ਦਾ ਇੰਤਕਾਲ ਸਬੰਧੀ ਕੇਸ ਏਡੀਸੀ ਦੀ ਅਦਾਲਤ ਵਿੱਚ ਚੱਲਦਾ ਸੀ। ਉਸ ਸਮੇਂ ਯਸ਼ਪਾਲ ਗੋਪਾਲ ਏਡੀਸੀ ਦੇ ਰੀਡਰ ਵਜੋਂ ਤਾਇਨਾਤ ਸੀ। ਗੁਰਜੀਤ ਸਿੰਘ ਨੇ ਰਾਮ ਗੋਪਾਲ ਨਾਂ ਦੇ ਵਿਅਕਤੀ ਰਾਹੀਂ ਯਸ਼ਪਾਲ ਗੋਪਾਲ ਨਾਲ ਕੇਸ ਦੀ ਗੱਲ ਕੀਤੀ। ਰੀਡਰ ਯਸ਼ਪਾਲ ਨੇ ਕੇਸ ਨੂੰ ਸੁਲਝਾਉਣ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਦੇ ਹੱਕ ਵਿੱਚ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਸਾਢੇ ਤਿੰਨ ਲੱਖ ਰੁਪਏ ਵਿੱਚ ਗੱਲ ਤੈਅ ਹੋ ਗਈ ਸੀ।
ਰਿਸ਼ਵਤ ਲੈ ਕੇ ਵੀ ਨਾ ਤਾਂ ਕੰਮ ਕੀਤਾ ਨਾ ਪੈਸੇ ਦਿੱਤੇ :ਇਸ ਤੋਂ ਬਾਅਦ ਰੀਡਰ ਯਸ਼ਪਾਲ ਗੋਪਾਲ ਨੂੰ 7 ਮਈ 2018 ਨੂੰ 1.5 ਲੱਖ ਰੁਪਏ, 28 ਮਈ 2018 ਨੂੰ 1 ਲੱਖ ਰੁਪਏ ਅਤੇ 10 ਜੂਨ 2018 ਨੂੰ 1 ਲੱਖ ਰੁਪਏ ਦਿੱਤੇ ਗਏ। ਸਾਰੀ ਰਕਮ ਰਾਮ ਗੋਪਾਲ ਦੇ ਸਾਹਮਣੇ ਰੀਡਰ ਦੇ ਘਰ ਉਸ ਨੂੰ ਦਿੱਤੀ ਗਈ। ਰਿਸ਼ਵਤ ਲੈ ਕੇ ਵੀ ਸ਼ਿਕਾਇਤਕਰਤਾ ਦਾ ਕੰਮ ਨਹੀਂ ਕੀਤਾ ਗਿਆ। ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਯਸ਼ਪਾਲ ਗੋਪਾਲ 30 ਸਤੰਬਰ 2019 ਨੂੰ ਸੇਵਾਮੁਕਤ ਹੋ ਗਿਆ। ਇਸ ਸਬੰਧੀ ਗੁਰਜੀਤ ਸਿੰਘ ਨੇ 23 ਨਵੰਬਰ 2022 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਸੀ। ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਸੇਵਾ ਮੁਕਤੀ ਤੋਂ ਬਾਅਦ ਭਾਜਪਾ ਵਿੱਚ ਹੋਇਆ ਸ਼ਾਮਲ :ਯਸ਼ਪਾਲ ਗੋਪਾਲ ਮੈਂਟਾ ਸੇਵਾਮੁਕਤੀ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਇਆ। ਉਹ ਭਾਜਪਾ ਸਮਰਾਲਾ ਮੰਡਲ ਪ੍ਰਧਾਨ ਅਤੇ ਖੰਨਾ ਇਕਾਈ ਦਾ ਕਾਰਜਕਾਰਨੀ ਮੈਂਬਰ ਵੀ ਰਿਹਾ। ਇਨ੍ਹੀਂ ਦਿਨੀਂ ਉਹ ਵੱਡੇ-ਵੱਡੇ ਆਗੂਆਂ ਨਾਲ ਪਾਰਟੀ ਦੀਆਂ ਕਈ ਮੀਟਿੰਗਾਂ ਵਿੱਚ ਵੀ ਨਜ਼ਰ ਆਉਂਦੇ ਰਹੇ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸਦੀ ਪਾਰਟੀ ਪੱਧਰ ’ਤੇ ਵੀ ਜਾਂਚ ਕੀਤੀ ਜਾਵੇਗੀ। ਜੇਕਰ ਪੁਲਿਸ ਨੇ ਭਾਜਪਾ ਆਗੂ ਯਸ਼ਪਾਲ ਨਾਲ ਧੱਕਾ ਕੀਤਾ ਹੋਇਆ ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਯਸ਼ਪਾਲ ਦੀ ਗਲਤੀ ਨਿਕਲੀ ਤਾਂ ਪਾਰਟੀ ਪੱਧਰ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਉਹ ਐਸਐਸਪੀ ਖੰਨਾ ਨਾਲ ਵੀ ਗੱਲ ਕਰਨਗੇ।