ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਹਾਈਟੈੱਕ ਅਤੇ ਕੇਂਦਰੀ ਜੇਲ੍ਹ ਅਕਸਰ ਚਰਚਾ ਵਿੱਚ ਰਹਿੰਦੀ ਹੈ, ਜੇਲ੍ਹ ਵਿੱਚੋਂ ਆਏ ਦਿਨ ਵੱਡੀ ਗਿਣਤੀ ਵਿੱਚ ਮੋਬਾਇਲ ਫੋਨ ਫੜੇ ਜਾਂਦੇ ਹਨ। ਇਸ ਤੋਂ ਇਲਾਵਾ ਜੇਲ੍ਹ ਵਿੱਚੋਂ ਹੀ ਕੈਦੀ ਜਾਂ ਹਵਾਲਾਤੀ ਫੋਨ ਉੱਤੇ ਲੋਕਾਂ ਨੂੰ ਧਮਕੀਆਂ ਦਿੰਦੇ ਹਨ, ਕਈ ਵਾਰੀ ਨਸ਼ਾ ਸਪਲਾਈ ਦੇ ਮਾਮਲੇ ਸਾਹਮਣੇ ਆਉਂਦੇ ਹਨ। ਬੀਤੇ ਦਿਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ ਹਵਾਲਾਤੀਆਂ ਦੀ ਜਨਮਦਿਨ ਮਨਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਏਡੀਜੀਪੀ ਦੁਆਰਾ ਸਖਤ ਨੋਟਿਸ ਲਿਆ ਗਿਆ। ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਸ ਮਾਮਲੇ ਵਿੱਚ ਦੱਸ ਦੇ ਕਰੀਬ ਮੁਲਜ਼ਮਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ।
10 ਮੁਲਜ਼ਮਾਂ ਖਿਲਾਫ ਮਾਮਲਾ ਦਰਜ: ਜਾਣਕਾਰੀ ਦਿੰਦੇ ਹੋਏ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ 31 ਦਸੰਬਰ ਨੂੰ ਵੀਡੀਓ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜੇਲ੍ਹ ਵਿੱਚ ਜਾਂਚ ਕੀਤੀ ਗਈ ਸੀ ਅਤੇ ਬੰਦ ਮੁਲਜ਼ਮਾਂ ਤੋਂ ਮੋਬਾਇਲ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕੰਧ ਵਿੱਚ ਮਾਰ ਕੇ ਮੋਬਾਇਲ ਤੋੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 10 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈਕੇ ਲਗਾਤਾਰ ਸਿਆਸਤ ਵੀ ਗਰਮਾਈ ਹੋਈ ਸੀ।