ਕਾਰ ਕੈਂਟਰ ਦੀ ਟੱਕਰ ਤੋਂ ਬਾਅਦ ਫੜ੍ਹੇ ਗਏ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ। ਮਾਛੀਵਾੜਾ ਸਾਹਿਬ (ਲੁਧਿਆਣਾ) :ਪੁਲਿਸ ਜਿਲ੍ਹਾ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਨਾਜਾਇਜ਼ ਸ਼ਰਾਬ ਨਾਲ ਭਰੀ ਕਾਰ ਦੀ ਕੈਂਟਰ ਨਾਲ ਟੱਕਰ ਹੋਣ ਕਾਰਨ ਤਿੰਨੋਂ ਤਸਕਰ ਜ਼ਖ਼ਮੀ ਹੋ ਗਏ। ਇਸ ਕਾਰਨ ਉਹ ਭੱਜ ਨਾ ਸਕੇ ਅਤੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ। ਕਾਰ ਵਿੱਚੋਂ 27 ਪੇਟੀਆਂ ਸ਼ਰਾਬ ਬਰਾਮਦ ਹੋਈ। ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆਂਦੀ ਜਾ ਰਹੀ ਸੀ।
ਇਹ ਹੈ ਮਾਮਲਾ :ਜਾਣਕਾਰੀ ਅਨੁਸਾਰ ਜਸਕਰਨ ਸਿੰਘ ਛਾਂਗਾ, ਫਰਮਾਨ ਸ਼ਾਹ ਅਤੇ ਅਹਿਸਾਨ ਤਿੰਨੋਂ ਜਣੇ ਏਸੇਂਟ ਕਾਰ ਵਿੱਚ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਰਹੇ ਸਨ। ਦੇਰ ਰਾਤ ਦਾ ਸਮਾਂ ਸੀ। ਇਸ ਦੌਰਾਨ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਗਈ। ਸ਼ਰਾਬ ਨਾਲ ਭਰੀ ਕਾਰ ਸਿੱਧੀ ਕੈਂਟਰ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨੋਂ ਤਸਕਰ ਜ਼ਖ਼ਮੀ ਹੋ ਗਏ। ਜਦੋਂ ਰਾਹਗੀਰਾਂ ਨੇ ਦੇਖਿਆ ਕਿ ਕਾਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਪਈ ਹੈ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਥਾਣੇ ਲਿਜਾਇਆ ਗਿਆ। ਕਾਰ 'ਚੋਂ 27 ਪੇਟੀਆਂ ਸ਼ਰਾਬ ਬਰਾਮਦ ਹੋਈ। ਇਸਤੋਂ ਪਹਿਲਾਂ ਵੀ ਮੁਲਜ਼ਮ ਕਈ ਵਾਰ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਇਲਾਕੇ ਵਿੱਚ ਸਪਲਾਈ ਕਰ ਚੁੱਕੇ ਹਨ। ਉਹ ਰਾਤ ਨੂੰ ਉਥੋਂ ਸ਼ਰਾਬ ਲੈ ਕੇ ਆਉਂਦੇ ਸਨ ਅਤੇ ਇਸਨੂੰ ਠਿਕਾਣੇ ਲਾਉਂਦੇ ਸੀ।
ਥਾਣਾ ਸ੍ਰੀ ਮਾਛੀਵਾੜਾ ਸਾਹਿਬ ਦੇ ਐੱਸਐੱਚਓ ਸੰਤੋਖ ਸਿੰਘ ਨੇ ਦੱਸਿਆ ਕਿ ਕੂੰਮਕਲਾਂ ਦੇ ਰਹਿਣ ਵਾਲੇ ਤਿੰਨੇ ਨੌਜਵਾਨ ਸ਼ਰਾਬ ਤਸਕਰੀ ਦਾ ਧੰਦਾ ਕਰਦੇ ਸਨ। ਪੁਲਿਸ ਨੂੰ ਬੀਤੀ ਰਾਤ ਇਸਦੀ ਸੂਚਨਾ ਮਿਲੀ ਸੀ। ਪੁਲਿਸ ਟ੍ਰੈਪ ਲਾ ਕੇ ਉਨ੍ਹਾਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਤਸਕਰਾਂ ਨੇ ਆਪਣੀ ਕਾਰ ਕੈਂਟਰ 'ਚ ਠੋਕ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਤਸਕਰਾਂ ਨੂੰ ਕਾਬੂ ਕਰ ਲਿਆ। ਕਾਰ ਵਿੱਚੋਂ ਚੰਡੀਗੜ੍ਹ ਤੋਂ ਖਰੀਦੀ ਸ਼ਰਾਬ ਦੀਆਂ 27 ਪੇਟੀਆਂ ਬਰਾਮਦ ਹੋਈਆਂ। ਮੁਲਜ਼ਮਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਥਾਂ ਸ਼ਰਾਬ ਸਪਲਾਈ ਕੀਤੀ ਜਾਣੀ ਸੀ, ਉਸ ਦਾ ਪਤਾ ਲਗਾ ਕੇ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਜਾਵੇਗਾ।