ਪੀੜਤ ਕਾਰੋਬਾਰੀ ਫਾਈਨਾਂਸਰਾਂ ਦੀ ਧੱਕੇਸ਼ਾਹੀ ਸਬੰਧੀ ਜਾਣਕਾਰੀ ਦਿੰਦਾ ਹੋਇਆ। ਲੁਧਿਆਣਾ :ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਇੱਕ ਕੱਪੜਾ ਕਾਰੋਬਾਰੀ ਨੇ ਫਾਇਨਾਂਸਰਾਂ ਤੋਂ ਦੁਖੀ ਹੋ ਕੇ ਆਪਣੀ ਪਤਨੀ ਸਮੇਤ ਸਰਹਿੰਦ ਵਿਖੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। ਕਾਰੋਬਾਰੀ ਨੂੰ ਨਹਿਰ ਵਿੱਚੋਂ ਕੱਢ ਕੇ ਬਚਾ ਲਿਆ ਗਿਆ। ਉਸਦੀ ਪਤਨੀ ਡੁੱਬ ਗਈ ਹੈ। ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ (Suffering from financiers attempted suicide) ਲੁਧਿਆਣਾ ਦੇ ਮਸ਼ਹੂਰ ਫਾਇਨਾਂਸਰਾਂ ਦੇ ਨਾਮ ਲਿਖੇ ਹੋਏ ਹਨ।
ਇਹ ਹੈ ਮਾਮਲਾ :ਹਸਪਤਾਲ ਵਿੱਚ ਜ਼ੇਰੇ ਇਲਾਜ ਆਨੰਦ ਸ਼ਰਮਾ ਨੇ ਦੱਸਿਆ ਕਿ ਉਸ ਦੀ ਕੱਪੜੇ ਦੀ ਫੈਕਟਰੀ ਸੀ। ਕਰਜ਼ੇ ਕਾਰਨ ਕਾਰੋਬਾਰ ਠੱਪ ਹੋ ਗਿਆ। ਉਸਨੇ ਲੁਧਿਆਣਾ ਦੇ ਦੋ ਫਾਈਨਾਂਸਰਾਂ ਤੋਂ 4 ਫੀਸਦੀ ਵਿਆਜ 'ਤੇ 40 ਲੱਖ ਰੁਪਏ ਲਏ ਸਨ, ਜਿਸ ਲਈ ਹੁਣ ਤੱਕ 80 ਲੱਖ ਰੁਪਏ ਦਾ ਵਿਆਜ ਅਦਾ ਕੀਤਾ ਗਿਆ ਹੈ। ਇੱਕ ਹੋਰ ਫਾਇਨਾਂਸਰ ਤੋਂ 3 ਸਾਲ ਪਹਿਲਾਂ 6 ਫੀਸਦੀ ਵਿਆਜ 'ਤੇ 42 ਲੱਖ ਰੁਪਏ ਲਏ ਸਨ, ਜਿਸ ਲਈ ਕਰੀਬ 90 ਲੱਖ ਰੁਪਏ ਦਾ ਵਿਆਜ ਅਦਾ ਕੀਤਾ ਜਾ ਚੁੱਕਾ ਹੈ। ਪਿਛਲੇ 4 ਮਹੀਨਿਆਂ ਤੋਂ ਉਸਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਹ ਵਿਆਜ ਦਾ ਭੁਗਤਾਨ ਨਹੀਂ ਕਰ ਸਕਿਆ ਅਤੇ ਫਾਈਨਾਂਸਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ। ਦਫ਼ਤਰ ਬੁਲਾ ਕੇ ਜ਼ਲੀਲ ਕੀਤਾ ਜਾਂਦਾ ਰਿਹਾ। ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਵੀਰਵਾਰ ਨੂੰ ਫਾਈਨਾਂਸਰਾਂ ਨੇ ਉਸਨੂੰ ਅਤੇ ਉਸਦੀ ਪਤਨੀ ਕਿਰਨ ਸ਼ਰਮਾ ਨੂੰ ਦਫਤਰ ਬੁਲਾਇਆ ਅਤੇ ਗਾਲੀ-ਗਲੋਚ ਕੀਤੀ। ਇੰਨਾ ਜ਼ਲੀਲ ਕੀਤਾ ਗਿਆ ਕਿ ਉਹ ਦੋਵੇਂ ਖੁਦਕੁਸ਼ੀ ਕਰਨ ਲਈ ਚਲੇ ਗਏ। ਉੱਥੇ ਉਸ ਦੀ ਪਤਨੀ ਨੇ ਛਾਲ ਮਾਰਨ ਤੋਂ ਪਹਿਲਾਂ ਬੇਟੇ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨੂੰ ਧਿਆਨ ਰੱਖਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਿੱਛੇ ਹੀ ਉਸਦੇ ਪਤੀ ਨੇ ਵੀ ਛਾਲ ਮਾਰ ਦਿੱਤੀ। ਉੱਥੇ ਮੌਜੂਦ ਕੁੱਝ ਲੋਕਾਂ ਨੇ ਉਸ ਨੂੰ ਬਾਹਰ ਕੱਢ ਲਿਆ, ਪਰ ਉਸ ਦੀ ਪਤਨੀ ਨੂੰ ਨਹੀਂ ਬਚਾ ਸਕੇ। ਆਨੰਦ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਫਾਇਨਾਂਸਰਾਂ ਨੂੰ ਕਹਿੰਦਾ ਸੀ ਕਿ ਇਸ ਵੇਲੇ ਮਾਲੀ ਹਾਲਤ ਠੀਕ ਨਹੀਂ ਹੈ। ਥੋੜਾ ਇੰਤਜ਼ਾਰ ਕਰੋ। ਫਿਰ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਣਗੇ। ਬਦਲੇ ਵਿੱਚ ਫਾਈਨਾਂਸਰ ਕਹਿੰਦਾ ਸੀ ਕਿ ਉਹ ਆਪਣੀ ਪਤਨੀ ਅਤੇ ਬੇਟੀ ਨੂੰ ਗਿਰਵੀ ਰੱਖ ਦੇਵੇ ਪੈਸੇ ਤਾਂ ਦੇਣੇ ਹੀ ਪੈਣਗੇ। ਨਹੀਂ ਤਾਂ ਸਾਰਾ ਪਰਿਵਾਰ ਚੁੱਕ ਲਿਆ ਜਾਵੇਗਾ।
ਆਨੰਦ ਸ਼ਰਮਾ ਦਾ ਹਾਲ ਚਾਲ ਜਾਣਨ ਲਈ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਪੁੱਜੇ। ਉਨ੍ਹਾਂ ਕਿਹਾ ਕਿ ਇਹ ਫਾਈਨਾਂਸਰਾਂ ਦੀ ਧੱਕੇਸ਼ਾਹੀ ਹੈ ਜਿਸ ਕਾਰਨ ਇੱਕ ਪਰਿਵਾਰ ਬਰਬਾਦ ਹੋ ਗਿਆ। ਫਾਈਨਾਂਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।