ਲੁਧਿਆਣਾ:ਜ਼ਿਲ੍ਹੇ ਦੇ ਜਨਕਪੁਰੀ ਇਲਾਕੇ ਵਿੱਚ ਬੀਤੀ ਦੇਰ ਰਾਤ ਚੋਰਾਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਦੀ ਫਿਰਾਕ ਦੇ ਨਾਲ ਧਾਵਾ ਬੋਲਿਆ ਗਿਆ ਪਰ ਦੁਕਾਨ ਦੇ ਮਾਲਕ ਨੇ ਪਹਿਲਾਂ ਹੀ ਸਕਿਓਰਿਟੀ ਅਲਾਰਮ ਦੁਕਾਨ ’ਤੇ ਲਗਾਏ ਹੋਏ ਸਨ ਅਤੇ ਜਿਵੇਂ ਹੀ ਚੋਰ ਅੰਦਰ ਵੜੇ ਉਸ ਨੂੰ ਤੁਰੰਤ ਇਸ ਸਬੰਧੀ ਫੋਨ ’ਤੇ ਅਲਾਰਮ ਵੱਜਾ। ਅਲਾਰਮ ਦੇ ਵੱਜਣ ਤੋਂ ਬਾਅਦ ਦੁਕਾਨ ਮਾਲਿਕ ਨੇ ਆਪਣੇ ਪਰਿਵਾਰ ਸਣੇ ਗੱਡੀ ਦੁਕਾਨ ਵੱਲ ਰਵਾਨਾ ਕੀਤੀ ਅਤੇ ਰਾਹ ਵਿੱਚ ਹੀ ਉਸ ਨੂੰ ਉਹ ਚੋਰ ਟੱਕਰ ਗਏ। ਇਸ ਦੌਰਾਨ ਮਾਲਿਕ ਦੇ ਵਾਹਨ ਦੀ ਚੋਰਾਂ ਦੇ ਵਾਹਨ ਨਾਲ ਜਬਰਦਸਤ ਟੱਕਰ ਹੋ ਗਈ।
ਇਸ ਟੱਕਰ ਕਾਰਨ ਦੋ ਚੋਰ ਮੌਕੇ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ ਜਦੋਂ ਕਿ ਬਾਕੀ ਭੱਜਣ ਚ ਕਾਮਯਾਬ ਰਹੇ। ਪੀੜਤ ਦੁਕਾਨ ਮਾਲਿਕ ਨੇੇ ਦੱਸਿਆ ਕਿ ਉਸ ਦਾ ਪੰਜ ਲੱਖ ਦੇ ਕਰੀਬ ਨੁਕਸਾਨ ਹੋਇਆ ਅਤੇ ਗੱਡੀ ਵੀ ਪੂਰੀ ਭੰਨੀ ਗਈ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਸਾਫ ਤੌਰ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਵਿਖਾਈ ਦੇ ਰਹੇ ਹਨ।
ਪੀੜਤ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਹੀ ਹਾਲੇ ਪੂਰੀ ਜਮ੍ਹਾਂ ਪੂੰਜੀ ਲਗਾ ਕੇ ਦੁਕਾਨ ਖੋਲ੍ਹੀ ਸੀ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਕੁਝ ਨਗਦੀ ਸੀ ਅਤੇ ਕਾਊਂਟਰ ਉੱਤੇ ਜੋ ਸੋਨੇ ਚਾਂਦੀ ਦੇ ਗਹਿਣੇ ਸਨ ਉਨ੍ਹਾਂ ਨੂੰ ਚੋਰ ਲੈ ਕੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਫੋਨ ਤੇ ਚੋਰੀ ਦੀ ਜਾਣਕਾਰੀ ਮਿਲਣ ਦੇ ਚੱਲਦਿਆਂ ਉਸਦੀ ਕੁਝ ਬੱਚਤ ਵੀ ਜ਼ਰੂਰ ਹੋ ਗਈ ਹੈ।