ਖੰਨਾ : ਖੰਨਾ 'ਚ ਚੋਰੀ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਤਾਜ਼ਾ ਘਟਨਾ ਮੁਤਾਬਿਕ 6 ਘੰਟਿਆਂ ਅੰਦਰ 5 ਟਰਾਂਸਫਾਰਮਰ ਚੋਰੀ ਹੋਏ ਹਨ। ਇਹ ਵਾਰਦਾਤਾਂ ਇਕ ਕਿਲੋਮੀਟਰ ਦੇ ਦਾਇਰੇ ਅੰਦਰ ਹੋਈਆਂ ਹਨ। ਜਾਣਕਾਰੀ ਮੁਤਾਬਿਕ ਚੋਰ ਮਹਿੰਦਰਾ ਜੀਪ ਵਿੱਚ ਸਵਾਰ ਹੋ ਕੇ ਦੋ ਪਿੰਡਾਂ ਦਾਊਦਪੁਰ, ਕਲਾਲਮਾਜਰਾ ਵਿੱਚ ਘੁੰਮਦੇ ਰਹੇ ਅਤੇ ਟਰਾਂਸਫਾਰਮਰ ਚੋਰੀ ਕਰਕੇ ਲੈ ਲਏ। ਇਸ ਘਟਨਾ ਕਾਰਨ ਜਿੱਥੇ ਵਿਭਾਗ ਦਾ ਕਰੀਬ 5 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ, ਉੱਥੇ ਹੁਣ 40 ਕਿਸਾਨਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਸ ਕਾਰਨ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਸੀਸੀਟੀਵੀ ਕੈਮਰੇ ਵਿੱਚ ਘਟਨਾ ਕੈਦ :ਜਾਣਕਾਰੀ ਮੁਤਾਬਿਕ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਕਿਸਾਨਾਂ ਨੇ ਚੋਰੀ ਦੀ ਘਟਨਾ ਸਬੰਧੀ ਪੁਲੀਸ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ। ਬਿਜਲੀ ਮਹਿਕਮੇ ਦੀ ਸ਼ਿਕਾਇਤ ’ਤੇ ਪੁਲੀਸ ਨੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਕਾਰਨ ਕਰੀਬ ਪੰਜ ਦਿਨ ਤੋਂ ਇੱਕ ਹਫ਼ਤੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਦਾ ਖਦਸ਼ਾ ਹੈ। ਕਿਸਾਨ ਜਗਪਾਲ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਖੇਤਾਂ ਵਿੱਚ ਮੋਟਰ ਚਲਾ ਕੇ ਫਸਲਾਂ ਨੂੰ ਪਾਣੀ ਲਾਉਣ ਲਈ ਗਏ ਸਨ। ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਕਰਨ ਵਾਲਾ ਟਰਾਂਸਫਾਰਮਰ ਚੋਰੀ ਹੋ ਗਿਆ ਸੀ। ਆਲੇ-ਦੁਆਲੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।