ਲੁਧਿਆਣਾ: ਤਕਨੀਕ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ ਉਵੇਂ ਹੀ ਸਾਈਬਰ ਕ੍ਰਾਈਮ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਲੁਧਿਆਣਾ ਪੁਲੀਸ ਵੱਲੋਂ ਸਾਈਬਰ ਕ੍ਰਾਈਮ ਦੀ ਕੜੀ ਦੇ ਤਹਿਤ ਹੀ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਨਕਲੀ ਆਈਡੀ ਪਰੂਫ਼ ਜਾਂ ਬਿਨ੍ਹਾਂ ਕਿਸੇ ਵੈਰੀਫਿਕੇਸ਼ਨ ਦੇ ਸਿਮ ਵੇਚਦੇ ਸਨ। ਗਿਰੋਹ ਦੇ ਪੰਜ ਮੈਂਬਰਾਂ ਦੇ ਵਿੱਚ ਜੀਜਾ ਸਾਲਾ ਵੀ ਸ਼਼ਾਮਲ ਹਨ। ਪੁਲਸ ਨੇ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਵਿੱਚ ਪ੍ਰਿੰਸ, ਰਾਹੁਲ, ਸਰਬਜੀਤ ਸਿੰਘ, ਜਤਿੰਦਰ ਕੁਮਾਰ ਅਤੇ ਸੌਰਵ ਕੁਮਾਰ ਸ਼ਾਮਿਲ ਹਨ।
ਮਾਮਲੇ ਦੀ ਤਫਤੀਸ਼ 'ਚ ਲੱਗੇ ਏਡੀਸੀਪੀ ਨੇ ਇਸ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਇਹ ਨਕਲੀ ਸਿਮ 250 ਰੁਪਏ 'ਚ ਅੱਗੇ ਵੇਚਦੇ ਸਨ। ਜਾਣਕਾਰੀ ਦਿੰਦਿਆਂ ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਦਾ ਜੀਜਾ ਇੱਕ ਨਾਮੀ ਸਿਮ ਕੰਪਨੀ ਦੇ ਵਿੱਚ ਡੀਲਰ ਹੈ ਅਤੇ ਉਸ ਦੇ ਸਾਲੇ ਨੂੰ ਉਸ ਨੇ ਡੈਮੋ ਸਿਮ ਲੈ ਕੇ ਦਿੱਤਾ ਸੀ ਜਿਸ ਤੋਂ ਅੱਗੇ, ਉਹ ਲੋਕ ਜੋ ਆਪਣੇ ਆਈਡੀ ਪਰੂਫ਼ ਲੈ ਕੇ ਸਿਮ ਖਰੀਦਦੇ ਸਨ, ਉਹ ਉਨ੍ਹਾਂ ਦੀਆਂ ਵੱਧ ਫੋਟੋ ਕਾਪੀਆਂ ਕਰ ਲੈਂਦੇ ਸਨ ਅਤੇ ਫੋਟੋਆਂ ਵੀ ਖਿੱਚ ਲੈਂਦੇ ਸਨ ਜਿਸ ਤੋਂ ਬਾਅਦ ਉਸੇ ਪਰੂਫ 'ਤੇ ਨਕਲੀ ਸਿਮ ਅੱਗੇ ਐਕਟੀਵੇਟ ਕਰਵਾ ਕੇ ਵੇਚਦੇ ਸਨ।