ਖੰਨਾ 'ਚ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕਤਲ ਖੰਨਾ: ਬੀਤੀ ਰਾਤ ਖੰਨਾ ਦੇ ਅਲੌੜ ਇਲਾਕੇ 'ਚ 4 ਸਾਲ ਦੇ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਬੱਚੇ ਨੂੰ ਘਰੋਂ ਚੁੱਕ ਕੇ ਗੁਆਂਢੀ ਵਲੋਂ ਹੀ ਮਾਰ ਦਿੱਤਾ ਗਿਆ। ਮ੍ਰਿਤਕ ਬੱਚੇ ਦੀ ਪਛਾਣ ਰਵੀ ਰਾਜ ਵਜੋਂ ਹੋਈ ਹੈ। ਪੁਲਿਸ ਨੇ 4 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੀ ਮਾਂ ਕੰਚਨ ਦੇਵੀ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ। ਇੱਥੇ ਖੰਨਾ ਦੇ ਅਲੌੜ ਪਿੰਡ ਵਿੱਚ ਰਹਿੰਦੇ ਹਨ। ਸੋਮਵਾਰ ਰਾਤ ਉਸ ਦੇ ਤਿੰਨ ਬੱਚੇ ਮੰਜੇ 'ਤੇ ਸੌਂ ਰਹੇ ਸਨ ਅਤੇ ਉਹ ਦੋ ਪਤੀ ਪਤਨੀ ਫਰਸ਼ 'ਤੇ ਸੌਂ ਰਹੇ ਸਨ। (Khanna child murder)
ਮਾਸੂਮ ਬੱਚੇ ਦਾ ਗਲਾ ਵੱਢ ਕੇ ਕਤਲ:ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਬੈੱਡ 'ਤੇ ਇਕ ਮੋਬਾਈਲ ਫੋਨ ਦੇਖਿਆ, ਜੋ ਉਨ੍ਹਾਂ ਦਾ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਉਸ ਦਾ ਲੜਕਾ ਰਵੀ ਰਾਜ ਆਪਣੇ ਬੈੱਡ ਤੋਂ ਗਾਇਬ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਵੀ ਉਥੇ ਪਹੁੰਚ ਗਈ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਦੂਰੀ 'ਤੇ ਇਕ ਬੱਚੇ ਦੀ ਲਾਸ਼ ਪਈ ਹੈ, ਜਦੋਂ ਦੇਖਿਆ ਤਾਂ ਇਹ ਲਾਸ਼ ਰਵੀ ਰਾਜ ਦੀ ਨਿਕਲੀ। ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ। ਸੀਸੀਟੀਵੀ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਬੱਚੇ ਨੂੰ ਮੋਢੇ ਉੱਤੇ ਚੁੱਕ ਕੇ ਲੈ ਜਾ ਰਿਹਾ ਸੀ।
ਬਲੀ ਦੇਣ ਲਈ ਬੱਚੇ ਦਾ ਕਤਲ: ਉਧਰ ਬੱਚੇ ਦੇ ਪਿਤਾ ਦਾ ਕਹਿਣਾ ਕਿ ਗੁਆਂਢ ਰਹਿੰਦੇ ਵਿਅਕਤੀ ਨੇ ਬੱਚੇ ਦਾ ਕਤਲ ਕੀਤਾ ਹੈ, ਜਦਕਿ ਉਨ੍ਹਾਂ ਦੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਤੋਂ ਸਾਫ਼ ਪਤਾ ਚੱਲ ਰਿਹਾ ਕਿ ਉਹ ਵਿਅਕਤੀ ਮੇਰੇ ਬੱਚੇ ਨੂੰ ਆਪਣੇ ਮੋਢੇ 'ਤੇ ਲਿਜਾ ਰਿਹਾ ਸੀ। ਮ੍ਰਿਤਕ ਬੱਚੇ ਦੇ ਪਿਤਾ ਦਾ ਕਹਿਣਾ ਕਿ ਸ਼ਖ਼ਸ ਵਲੋਂ ਤਾਂਤਰਿਕ ਦੇ ਕਹਿਣ 'ਤੇ ਬੱਚੇ ਦੀ ਬਲੀ ਦੇਣ ਲਈ ਇਹ ਕਤਲ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਮੋਬਾਈਲ ਤੋਂ ਮੁਲਜ਼ਮ ਦੀ ਪਛਾਣ ਹੋਈ: ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਮੋਬਾਈਲ ਰਾਹੀਂ ਫੜਿਆ ਗਿਆ। ਦੱਸਿਆ ਜਾ ਰਿਹਾ ਕਿ ਜਦੋਂ ਮੁਲਜ਼ਮ ਬੱਚੇ ਨੂੰ ਬੈੱਡ ਤੋਂ ਚੁੱਕਣ ਲਈ ਘਰ ਆਇਆ ਤਾਂ ਉਸਦਾ ਮੋਬਾਈਲ ਉਥੇ ਹੀ ਡਿੱਗ ਗਿਆ ਸੀ। ਮੋਬਾਈਲ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਰਾਤ ਨੂੰ ਬੱਚੇ ਦੀ ਭਾਲ ਲਈ ਨਿਕਲੇ। ਜਿਸ ਤੋਂ ਬਾਅਦ ਪੁਲਿਸ ਹੱਥ ਮੋਬਾਈਲ ਲੱਗਿਆ ਤਾਂ ਚਾਰ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਨੂੰ 4 ਘੰਟਿਆਂ ਦੇ ਅੰਦਰ ਹੀ ਫੜਿਆ : ਖੰਨਾ ਪੁਲਿਸ ਨੇ ਬੱਚੇ ਦਾ ਕਤਲ ਕਰਨ ਵਾਲੇ 23 ਸਾਲਾ ਦੋਸ਼ੀ ਅਰਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 4 ਘੰਟਿਆਂ ਵਿੱਚ ਸਾਰੇ ਸਬੂਤ ਇਕੱਠੇ ਕਰ ਲਏ ਹਨ। ਕਤਲ ਤੋਂ ਬਾਅਦ ਮੁਲਜ਼ਮ ਨੇ ਸਬੂਤ ਨਸ਼ਟ ਕਰਨ ਲਈ ਬੱਚੇ ਦੇ ਖੂਨ ਨਾਲ ਭਿੱਜੇ ਕੱਪੜੇ ਅਤੇ ਵਾਰਦਾਤ ਵਿੱਚ ਵਰਤਿਆ ਚਾਕੂ ਲੁਕਾ ਦਿੱਤਾ ਸੀ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਦੇਵੀ-ਦੇਵਤਿਆਂ ਦੀ ਪੂਜਾ ਅਤੇ ਬਲੀ ਚੜ੍ਹਾਉਣ ਲਈ ਇੱਕ ਤਾਂਤਰਿਕ ਦੇ ਕਹਿਣ 'ਤੇ ਬੱਚੇ ਦਾ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਤਾਂਤਰਿਕ ਦੀ ਵੀ ਭਾਲ ਕੀਤੀ ਜਾ ਰਹੀ ਹੈ।