ਲੁਧਿਆਣਾ : ਸੂਬਾ ਸਰਕਾਰ ਵੱਲੋਂ ਦਿੱਤੇ ਹੁਕਮਾਂ ਤਹਿਤ ਪੁਲਿਸ ਮੁਸਤੈਦੀ ਦਿਖਾਉਂਦੇ ਹੋਏ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਵੀ ਵਿੱਢੀ ਜਾ ਰਹੀ ਹੈ ਇਸੇ ਤਹਿਤ ਖੰਨਾ ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਵਿੱਤਰ-ਹੁਸਨਦੀਪ ਗੈਂਗ ਦਾ 01 ਮੈਂਬਰ ਅਤੇ ਦਰਮਨ ਕਾਹਲੋਂ ਗੈਂਗ ਦੇ 02 ਮੈਂਬਰ ਗ੍ਰਿਫਤਾਰ ਕੀਤੇ ਗਏ। ਇਹਨਾਂ ਕੋਲੋਂ 08 ਅਸਲੇ, 14 ਮੈਗਜੀਨ ਅਤੇ 05 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਦੱਸ ਦਈਏ ਕਿ ਇਨ੍ਹਾਂ ਦਾ ਇੱਕ ਸਾਥੀ ਮਾਨਸਾ ਜੇਲ੍ਹ 'ਚ ਬੈਠ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਦੀ ਪੂਰੀ ਯੋਜਨਾ ਬਣਾਉਂਦਾ ਸੀ। ਇਨ੍ਹਾਂ ਦਾ ਕਨੈਕਸ਼ਨ 7 ਜੂਨ ਨੂੰ ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ ਨਾਲ ਵੀ ਹੋ ਸਕਦਾ ਹੈ।
ਨਾਕਾਬੰਦੀ ਕਰਕੇ ਚੈਕਿੰਗ ਕੀਤੀ: ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ 'ਚ 14 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 108 ਅਸਲਿਆਂ ਦੀ ਬਰਾਮਦਗੀ ਕੀਤੀ ਹੈ। 15 ਮਈ ਤੋਂ ਇਹ ਕਾਰਵਾਈ ਚੱਲ ਰਹੀ ਸੀ। ਸਭ ਤੋਂ ਪਹਿਲਾਂ ਸ਼ੱਕੀਆਂ ਸਬੰਧ ਵਿੱਚ ਮੰਜੀ ਸਾਹਿਬ ਕੋਟਾਂ ਵੱਲ ਜਾਂਦੇ ਹੋਏ ਜਦੋਂ ਪੁਲਿਸ ਪਾਰਟੀ ਬੀਜਾ ਚੌਕ ਪੁਲ ਹੇਠਾਂ ਮੌਜੂਦ ਸੀ ਤਾਂ ਉਨ੍ਹਾਂ ਕੋਲ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਚਾਰ-ਪੰਜ ਅਣਪਛਾਤੇ ਕਾਰ 'ਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣੇ ਵੱਲ ਜਾ ਰਹੇ ਹਨ ਜਿਨ੍ਹਾਂ ਕੋਲ ਗੈਰ ਕਾਨੂੰਨੀ ਅਸਲਾ ਹੈ। ਪੁਲਿਸ ਨੇ ਜੀ.ਟੀ. ਰੋਡ ਪਿੰਡ ਮੰਡਿਆਲਾ ਕਲਾਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ। ਕਾਰ ਸਵਾਰ ਚਾਰ ਲੜਕਿਆਂ ਹਰਦੇਵ ਸਿੰਘ ਉਰਫ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਵਾਸੀ ਪਿੰਡ ਪੂਰੀਆ ਕਲਾ ਥਾਣਾ ਸਦਰ ਬਟਾਲਾ ਜਿਲ੍ਹਾ ਗੁਰਦਾਸਪੁਰ ਅਤੇ ਧਰਮਪ੍ਰੀਤ ਸਿੰਘ ਉਰਫ ਮੋਟਾ ਵਾਸੀ ਬਟਾਲਾ ਜਿਲਾ ਗੁਰਦਾਸਪੁਰ ਨੂੰ 3 ਪਿਸਟਲ 32 ਬੋਰ ਗ੍ਰਿਫ਼ਤਾਰ ਕੀਤਾ ਗਿਆ।