ਲੁਧਿਆਣਾ : ਪੁਲਿਸ ਨੇ ਸਿਵਲ ਹਸਪਤਾਲ ਲੁਧਿਆਣਾ ਦੇ ਜੱਚਾ ਬੱਚਾ ਕੇਂਦਰ ਤੋਂ ਚੋਰੀ ਹੋਏ ਬੱਚੇ ਨੂੰ ਮਹਿਜ਼ 10 ਘੰਟਿਆਂ ਦੇ ਵਿੱਚ ਬਰਾਮਦ ਕਰ ਲਿਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਸ਼ਨਾਖਤ ਸਾਹਿਲ ਅਤੇ ਪ੍ਰੀਤੀ ਦੇ ਨਾਂਅ ਤੋਂ ਹੋਈ ਹੈ। ਸਾਹਿਲ ਪਠਾਨਕੋਟ ਦਾ ਰਹਿਣ ਵਾਲਾ ਹੈ ਜਦੋਂ ਕਿ ਪ੍ਰੀਤੀ ਮੁਜ਼ੱਫਰਾਬਾਦ ਦੀ ਹੈ। ਜਦੋਂ ਬੱਚਾ ਚੋਰੀ ਕੀਤਾ ਗਿਆ ਉਸ ਵਕਤ 10 ਸਾਲ ਦੀ ਬੱਚੀ ਵੀ ਉਨ੍ਹਾਂ ਦੇ ਨਾਲ ਸੀ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਹੈ।
ਬੱਚੇ ਨੂੰ ਅੱਗੇ ਵੇਚਣ ਦੀ ਯੋਜਨਾ:ਹਾਲਾਂਕਿ ਪੁਲਿਸ ਨੇ ਇਹ ਸਾਫ ਨਹੀਂ ਕੀਤਾ ਕੇ ਇਨ੍ਹਾਂ ਵੱਲੋਂ ਬਚਿਆਂ ਕਿਉਂ ਚੋਰੀ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਨ੍ਹਾਂ ਦੋਵਾਂ ਪਤੀ-ਪਤਨੀ ਨੇ ਬੱਚਾ ਅੱਗੇ ਕਿਸੇ ਨੂੰ ਵੇਚਣਾ ਸੀ। ਪੁਲਿਸ ਨੇ ਬੱਚੇ ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਹੈ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ ਕਿਉਂਕਿ ਬੱਚਾ ਬੇਹੱਦ ਛੋਟਾ ਸੀ। ਬੱਚੇ ਨੂੰ ਅੱਗੇ ਚਾਰ ਤੋਂ ਪੰਜ ਲੱਖ ਰੁਪਏ ਵਿਚ ਵੇਚਿਆ ਜਾਣਾ ਸੀ। ਪਰ ਪੁਲਿਸ ਨੇ ਸਮਾਂ ਰਹਿੰਦੇ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਸੀ।